ਸ੍ਰੀ ਕੀਰਤਪੁਰ ਸਾਹਿਬ ‘ਚ ਭਿਆਨਕ ਸੜਕ ਹਾਦਸੇ ‘ਚ ਕਾਰ ਦੇ ਉੱਡੇ ਪਰਖੱਚੇ, 2 ਸਕੇ ਭਰਾਵਾਂ ਸਣੇ 3 ਦੀ ਮੌਤ

ਸ੍ਰੀ ਕੀਰਤਪੁਰ ਸਾਹਿਬ – ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ ਕੌਮੀ ਮਾਰਗ ਨੰਬਰ 21 (205) ਪਿੰਡ ਸਰਸਾ ਨੰਗਲ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਕਾਰ ਵਿਚ ਸਵਾਰ 2 ਸਕੇ ਭਰਾਵਾਂ ਸਮੇਤ 3 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਾਣਕਾਰੀ ਦਿੰਦੇ ਹੋਏ ਭਰਤਗੜ੍ਹ ਪੁਲਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਰਜਿੰਦਰ ਕੁਮਾਰ ਅਤੇ ਏ. ਐੱਸ. ਆਈ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਬਲਰਾਮ ਤਲਵਾੜ (57) ਪੁੱਤਰ ਤਰਲੋਕ ਚੰਦ ਤਲਵਾੜ ਵਾਸੀ ਹਾਊਸ ਨੰਬਰ 1516 ਫੇਜ਼ 2 ਸ਼ਿਵਾਲਕ ਐਵਨਿਊ ਨੰਗਲ ਅਤੇ ਪਿੰਡ ਕਲਸੇੜਾ ਥਾਣਾ ਨੰਗਲ ਦੇ ਵਸਨੀਕ ਦੋ ਸਕੇ ਭਰਾ ਪਵਨ ਕੁਮਾਰ (47), ਸੰਜੀਵ ਕੁਮਾਰ ਉਰਫ਼ ਸੰਜੂ (42) ਪੁੱਤਰਾਨ ਅਮਰ ਚੰਦ, ਫੋਟੋਗ੍ਰਾਫ਼ੀ ਦੀਆਂ ਦੁਕਾਨਾਂ ਕਰਦੇ ਸਨ।

ਇਹ ਤਿੰਨੋਂ ਫੋਟੋਗ੍ਰਾਫ਼ੀ ਦੇ ਸਬੰਧ ਵਿਚ ਆਪਣੀ ਆਲਟੋ ਕਾਰ ਨੰਬਰ ਪੀ. ਬੀ 74-2172 ਵਿਚ ਸਵਾਰ ਹੋ ਕੇ ਨੰਗਲ ਤੋਂ ਚੰਡੀਗੜ੍ਹ ਨੂੰ ਜਾ ਰਹੇ ਸਨ। ਜਦੋਂ ਇਹ ਪਿੰਡ ਸਰਸਾ ਨੰਗਲ ਨਜ਼ਦੀਕ ਪੁੱਜੇ ਤਾਂ ਇਨ੍ਹਾਂ ਦੀ ਕਾਰ ਗਲਤ ਦਿਸ਼ਾ ਤੋਂ ਆ ਰਹੇ ਟਿੱਪਰ ਨੰਬਰ ਪੀ. ਬੀ. 12 ਐਨ 0611 ਦੇ ਨਾਲ ਟਕਰਾ ਗਈ, ਜਿਸ ਕਾਰਨ ਕਾਰ ਸਵਾਰ ਤਿੰਨੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਸੂਚਨਾ ਮਿਲਣ ਤੋਂ ਬਾਅਦ ਸਾਡੀ ਪੁਲਸ ਪਾਰਟੀ ਮੌਕੇ ਉਪਰ ਪੁੱਜੀ, ਇਕੱਠੇ ਹੋਏ ਲੋਕਾਂ ਵੱਲੋਂ ਬੜੀ ਮੁਸ਼ਕਿਲ ਨਾਲ ਕਾਰ ਵਿਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਇਨ੍ਹਾਂ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਰੂਪਨਗਰ ਦੇ ਮੁਰਦਾ ਘਰ ਵਿਚ ਰੱਖਵਾ ਦਿੱਤਾ ਗਿਆ ਹੈ।
ਪੁਲਸ ਵੱਲੋਂ ਮ੍ਰਿਤਕ ਪਵਨ ਕੁਮਾਰ ਅਤੇ ਸੰਜੀਵ ਕੁਮਾਰ ਦੇ ਭਰਾ ਰਘੁਵੀਰ ਚੰਦ ਦੇ ਬਿਆਨਾਂ ਦੇ ਆਧਾਰ ਉਪਰ ਟਿੱਪਰ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

Add a Comment

Your email address will not be published. Required fields are marked *