ਚੀਨ ’ਚ ਕੋਵਿਡ ਹਾਲਾਤ ਬਾਰੇ ਬੇਯਕੀਨੀ ਨੇ ਆਲਮੀ ਚਿੰਤਾ ਵਧਾਈ

ਵਾਸ਼ਿੰਗਟਨ, 29 ਦਸੰਬਰ-: ਅਮਰੀਕਾ, ਜਾਪਾਨ ਤੇ ਹੋਰ ਮੁਲਕਾਂ ਵੱਲੋਂ ਚੀਨ ਤੋਂ ਆਉਣ ਵਾਲੇ ਮੁਸਾਫਰਾਂ ਲਈ ਕਰੋਨਾ ਟੈਸਟ ਲਾਜ਼ਮੀ ਕੀਤੇ ਜਾਣ ਦੇ ਕਦਮ ਤੋਂ ਇਹ ਆਲਮੀ ਚਿੰਤਾ ਸਾਫ ਨਜ਼ਰ ਆਉਂਦੀ ਹੈ ਕਿ ਇਸ ਵਾਇਰਸ ਦੀਆਂ ਹੋਰ ਨਵੀਆਂ ਕਿਸਮਾਂ ਸਾਹਮਣੇ ਆ ਸਕਦੀਆਂ ਹਨ ਤੇ ਇਸ ਸਬੰਧੀ ਜਾਣਕਾਰੀ ਦੀ ਘਾਟ ਹੋ ਸਕਦੀ ਹੈ। ਹੁਣ ਤੱਕ ਵਾਇਰਸ ਦੀ ਕਿਸੇ ਨਵੀਂ ਕਿਸਮ ਦੀ ਕੋਈ ਜਾਣਕਾਰੀ ਨਹੀਂ ਹੈ। ਚੀਨ ਦੇ ਪਿਛਲੇ ਰਿਕਾਰਡ ਨੂੰ ਦੇਖਦਿਆਂ ਇਸ ਗੱਲ ਦੀ ਵੀ ਚਿੰਤਾ ਹੈ ਕਿ ਉਹ ਕਰੋਨਾ ਦੀਆਂ ਅਜਿਹੀਆਂ ਉਭਰ ਰਹੀਆਂ ਕਿਸਮਾਂ ਦੇ ਕਿਸੇ ਵੀ ਸੰਕੇਤ ਬਾਰੇ ਜਾਣਕਾਰੀ ਸਾਂਝੀ ਨਹੀਂ ਕਰੇਗਾ ਜਿਸ ਨਾਲ ਦੁਨੀਆ ’ਚ ਕਿਤੇ ਵੀ ਲਾਗ ਦੇ ਵੱਧ ਤੋਂ ਵੱਧ ਮਾਮਲੇ ਸਾਹਮਣੇ ਆ ਸਕਦੇ ਹਨ।

ਅਮਰੀਕਾ ਨੇ ਬੀਤੇ ਦਿਨ ਐਲਾਨ ਕੀਤਾ ਸੀ ਕਿ ਚੀਨ ਤੋਂ ਆਉਣ ਵਾਲੇ ਮੁਸਾਫਰਾਂ ਲਈ ਨੈਗੇਟਿਵ ਕਰੋਨਾ ਟੈਸਟ ਹੋਣਾ ਜ਼ਰੂਰੀ ਹੈ। ਅਮਰੀਕਾ ਨੇ ਲਾਗ ਦੇ ਮਾਮਲੇ ਵਧਣ ਤੇ ਵਾਇਰਸ ਦੀ ਕਿਸਮਾਂ ਦੇ ਸਬੰਧ ’ਚ ਜੀਨੋਮ ਸੀਕੁਐਂਸਿੰਗ ਸਮੇਤ ਹੋਰ ਜਾਣਕਾਰੀ ਨਾ ਹੋਣ ਦਾ ਹਵਾਲਾ ਦਿੱਤਾ ਸੀ।

ਤਾਇਵਾਨ ’ਚ ਮਹਾਮਾਰੀ ਕਮਾਂਡ ਸੈਂਟਰ ਦੇ ਮੁਖੀ ਵਾਂਗ ਪੀ ਸ਼ੇਂਗ ਨੇ ਅੱਜ ਕਿਹਾ ਕਿ ਚੀਨ ਵਿਚਲੇ ਹਾਲਾਤ ਬਾਰੇ ਬਣੀ ਬੇਯਕੀਨੀ ਕਾਰਨ ਉਨ੍ਹਾਂ ਦੀ ਸਰਕਾਰ ਚਿੰਤਾ ’ਚ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੀ ਜਨਵਰੀ ਤੋਂ ਚੀਨ ਤੋਂ ਆਉਣ ਵਾਲੇ ਹਰ ਵਿਅਕਤੀ ਦੀ ਕਰੋਨਾ ਜਾਂਚ ਸ਼ੁਰੂ ਕਰ ਦੇਣਗੇ। ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਨੇ ਵੀ ਇਸ ਹਫ਼ਤੇ ਦੀ ਸ਼ੁਰੂਆਤ ’ਚ ਚੀਨ ਤੋਂ ਆਉਣ ਵਾਲੇ ਮੁਸਾਫ਼ਰਾਂ ਦੀ ਕੋਵਿਡ ਜਾਂਚ ਲਾਜ਼ਮੀ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਬਾਰੇ ਵਧੇਰੇ ਜਾਣਕਾਰੀ ਨਾ ਹੋਣ ’ਤੇ ਚਿੰਤਾ ਜ਼ਾਹਿਰ ਕੀਤੀ ਸੀ।

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ ਨੇ ਹਾਲ ਹੀ ’ਚ ਕਿਹਾ ਸੀ ਕਿ ਡਬਲਿਊਐੱਚਓ ਨੂੰ ਚੀਨ ’ਚ ਲਾਗ ਦੇ ਮਾਮਲਿਆਂ ਦੀ ਗੰਭੀਰਤਾ ਨੂੰ ਲੈ ਕੇ ਅਤੇ ਵਿਸ਼ੇਸ਼ ਤੌਰ ’ਤੇ ਉੱਥੋਂ ਦੇ ਹਸਪਤਾਲਾਂ ਤੇ ਆਈਸੀਯੂ ’ਚ ਮਰੀਜ਼ਾਂ ਦੇ ਭਰਤੀ ਹੋਣ ਸਬੰਧੀ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਜੋ ਜ਼ਮੀਨੀ ਪੱਧਰ ’ਤੇ ਸਥਿਤੀ ਦਾ ਮੁਲਾਂਕਣ ਕੀਤਾ ਜਾ ਸਕੇ।

ਦੂਜੇ ਪਾਸੇ ਅਮਰੀਕਾ ਨੇ ਚੀਨ ਤੋਂ ਆਉਣ ਵਾਲੇ ਸਾਰੇ ਮੁਸਾਫਰਾਂ ਲਈ ਕੋਵਿਡ-19 ਸਬੰਧੀ ਜਾਂਚ ਲਾਜ਼ਮੀ ਕਰਨ ਦਾ ਐਲਾਨ ਕੀਤਾ ਹੈ। ਚੀਨ ’ਚ ਕਰੋਨਾ ਲਾਗ ਦੇ ਕੇਸਾਂ ’ਚ ਤੇਜ਼ੀ ਨਾਲ ਵਾਧਾ ਹੋਣ ਦੇ ਮੱਦੇਨਜ਼ਰ ਅਮਰੀਕਾ ’ਚ ਵਾਇਰਸ ਸਬੰਧੀ ਸਖ਼ਤ ਪਾਬੰਦੀਆਂ ਮੁੜ ਤੋਂ ਲਾਗੂ ਕੀਤੇ ਜਾਣ ਦਾ ਖਦਸ਼ਾ ਹੈ। ਇਹ ਨਵੇਂ ਨਿਰਦੇਸ਼ ਪੰਜ ਜਨਵਰੀ ਤੋਂ ਲਾਗੂ ਹੋਣਗੇ।

Add a Comment

Your email address will not be published. Required fields are marked *