ਵੇਟਲਿਫ਼ਟਿੰਗ: ਹਰਜਿੰਦਰ ਕੌਰ ਨੇ ਭਾਰਤ ਲਈ ਜਿੱਤੀ ਕਾਂਸੀ

ਬਰਮਿੰਘਮ/ਚੰਡੀਗੜ੍ਹ, 2 ਅਗਸਤ

ਵੇਟਲਿਫਟਰ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿਚ ਵੇਟਲਿਫਟਿੰਗ ਵਿਚ ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਸਫ਼ਰ ਨੂੰ ਜਾਰੀ ਰੱਖਦਿਆਂ ਸੋਮਵਾਰ ਰਾਤ ਇੱਥੇ ਮਹਿਲਾਵਾਂ ਦੇ 71 ਕਿਲੋਗ੍ਰਾਮ ਭਾਰ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ ਹੈ। ਦੱਸਣਯੋਗ ਹੈ ਕਿ ਹਰਜਿੰਦਰ ਕੌਰ ਪੰਜਾਬ ਦੇ ਨਾਭਾ ਨਾਲ ਸਬੰਧਤ ਹੈ। ਹਰਜਿੰਦਰ ਨੇ ਮਹਿਲਾਵਾਂ ਦੇ 71 ਕਿਲੋਗ੍ਰਾਮ ਭਾਰ ਵਰਗ ਵਿਚ ਨਾਟਕੀ ਅੰਦਾਜ਼ ’ਚ ਕਾਂਸੀ ਦਾ ਤਗਮਾ ਜਿੱਤਿਆ।

ਨਾਇਜੀਰੀਆ ਦੀ ਸੋਨ ਤਗਮੇ ਦੀ ਦਾਅਵੇਦਾਰ ਜੋਏ ਇਜੇ ਕਲੀਨ ਐਂਡ ਜਰਕ ਦੇ ਤਿੰਨਾਂ ਯਤਨਾਂ ਵਿਚ ਨਾਕਾਮ ਰਹੀ ਜਿਸ ਨਾਲ ਹਰਜਿੰਦਰ ਦਾ ਕਾਂਸੀ ਦਾ ਤਗਮਾ ਪੱਕਾ ਹੋ ਗਿਆ। ਹਰਜਿੰਦਰ ਨੇ ਕੁੱਲ 212 ਕਿਲੋਗ੍ਰਾਮ ਭਾਰ ਚੁੱਕਿਆ (93 ਕਿਲੋ ਸਨੈਚ ਤੇ 119 ਕਿਲੋ ਕਲੀਨ ਐਂਡ ਜਰਕ)। ਇਸ ਮੁਕਾਬਲੇ ਵਿਚ ਇੰਗਲੈਂਡ ਦੀ ਸਾਰਾਹ ਡੇਵਿਸ ਨੇ ਸੋਨ ਤਗਮਾ ਜਿੱਤਿਆ। ਉਸ ਨੇ ਕੁੱਲ 229 ਕਿਲੋ ਭਾਰ ਚੁੱਕਿਆ। ਜਦਕਿ ਕੈਨੇਡਾ ਦੀ ਵੇਟਲਿਫਟਰ 214 ਕਿਲੋਗ੍ਰਾਮ ਵਜ਼ਨ ਚੁੱਕ ਕੇ ਦੂਜੇ ਨੰਬਰ ਉਤੇ ਰਹੀ ਤੇ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ। ਹਰਜਿੰਦਰ ਦੇ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਜੱਦੀ ਨਿਵਾਸ ਉਤੇ ਖ਼ੁਸ਼ੀ ਦਾ ਮਾਹੌਲ ਹੈ। ਪੰਜਾਬ ਸਰਕਾਰ ਨੇ ਹਰਜਿੰਦਰ ਨੂੰ 40 ਲੱਖ ਰੁਪਏ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ, ‘ਨਾਭਾ ਨੇੜਲੇ ਮੈਹਸ ਪਿੰਡ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੂੰ ਤਗਮਾ ਜਿੱਤਣ ’ਤੇ ਵਧਾਈ। ਹਰਜਿੰਦਰ ਤੁਸੀਂ ਪੰਜਾਬ ਦੀਆਂ ਕੁੜੀਆਂ ਲਈ ਪ੍ਰੇਰਨਾ ਸਰੋਤ ਬਣੇ ਹੋ। ਤੁਹਾਡੇ ਮਾਤਾ-ਪਿਤਾ ਤੇ ਟਰੇਨਰਾਂ ਨੂੰ ਵੀ ਵਧਾਈ।’ ਰਾਸ਼ਟਰਪਤੀ ਦਰੋਦਪੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੇਟਲਿਫਟਰ ਹਰਜਿੰਦਰ ਕੌਰ ਨੂੰ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣ ’ਤੇ ਅੱਜ ਵਧਾਈ ਦਿੰਦਿਆਂ ਕਿਹਾ ਕਿ ਭਾਰਤੀ ਵੇਟਲਿਫਟਰਾਂ ਨੇ ਇਨ੍ਹਾਂ ਖੇਡਾਂ ਵਿਚ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਕਈ ਅੜਿੱਕਿਆਂ ਨੂੰ ਪਾਰ ਕਰ ਕੇ ਇਸ ਮੁਕਾਮ ਉਤੇ ਪੁੱਜੀ ਹਰਜਿੰਦਰ ਦੀ ਕਹਾਣੀ ਸਾਰਿਆਂ ਨੂੰ ਪ੍ਰੇਰਿਤ ਕਰਨ ਵਾਲੀ ਹੈ। ਮੁਰਮੂ ਨੇ ਟਵੀਟ ਕੀਤਾ, ‘ਹਰਜਿੰਦਰ ਕੌਰ ਨੂੰ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣ ’ਤੇ ਵਧਾਈ। ਉਹ ਆਪਣੀ ਜ਼ਿੰਦਗੀ ਦੇ ਕਈ ਅੜਿੱਕਿਆਂ ਨੂੰ ਪਾਰ ਕਰ ਕੇ ਇਸ ਮੁਕਾਮ ਉਤੇ ਪਹੁੰਚੀ।’ ਇਹ ਸਾਰਿਆਂ ਲਈ ਪ੍ਰੇਰਨਾਦਾਇਕ ਕਹਾਣੀ ਹੈ।

ਤੁਹਾਨੂੰ ਭਵਿੱਖ ਲਈ ਸ਼ੁਭਕਾਮਨਾਵਾਂ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਵੇਟਲਿਫਟਰਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਮੋਦੀ ਨੇ ਟਵੀਟ ਕੀਤਾ, ‘ਬਰਮਿੰਘਮ ਵਿਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਸਾਡੇ ਵੇਟਲਿਫਟਰਾਂ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। ਇਸ ਨੂੰ ਜਾਰੀ ਰੱਖਦਿਆਂ ਹਰਜਿੰਦਰ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਲਈ ਉਨ੍ਹਾਂ ਨੂੰ ਵਧਾਈ। ਭਵਿੱਖੀ ਕੋਸ਼ਿਸ਼ਾਂ ਲਈ ਵੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ।’

ਕਿਸਮਤ ’ਤੇ ਭਰੋਸਾ ਸੀ ਕਿ ਕੁਝ ਚੰਗਾ ਹੋਵੇਗਾ…

ਬਰਮਿੰਘਮ:ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਹਰਜਿੰਦਰ ਕੌਰ ਨੇ ਕਿਹਾ ਕਿ ਤਗਮਾ ਜਿੱਤਣ ਦੀ ਹਾਲਾਂਕਿ ਉਹ ਜ਼ਿਆਦਾ ਉਮੀਦ ਤਾਂ ਨਹੀਂ ਕਰ ਰਹੀ ਸੀ ਪਰ ਕਿਸਮਤ ਉਤੇ ਭਰੋਸਾ ਸੀ ਕਿ ਕੁਝ ਚੰਗਾ ਹੋਵੇਗਾ। ਹਰਜਿੰਦਰ ਨੂੰ ਕਿਸਮਤ ਦਾ ਹੀ ਸਾਥ ਮਿਲਿਆ ਕਿਉਂਕਿ ਨਾਇਜੀਰੀਆ ਦੀ ਸੋਨ ਤਗਮੇ ਦੀ ਦਾਅਵੇਦਾਰ ਵੇਟਲਿਫਟਰ ਕਲੀਨ ਐਂਡ ਜਰਕ ਦੇ ਤਿੰਨਾਂ ਯਤਨਾਂ ਵਿਚ ਨਾਕਾਮ ਰਹੀ। ਫਾਈਨਲ ਦੇ ਕਰੀਬੀ ਮੁਕਾਬਲੇ ਵਿਚ ਹਰਜਿੰਦਰ ਨੂੰ ਕਿਸਮਤ ਦਾ ਸਾਥ ਮਿਲਾਆ। ਹਰਜਿੰਦਰ ਨੇ ਕਿਹਾ, ‘ਜਦ ਚਾਂਦੀ ਦਾ ਤਗਮਾ ਜਿੱਤਣ ਵਾਲੀ ਵੇਟਲਿਫਟਰ ਨੇ ਆਪਣੇ ਯਤਨ ਸਫ਼ਲਤਾ ਨਾਲ ਪੂਰੇ ਕੀਤੇ ਤਾਂ ਮੇਰਾ ਦਿਲ ਟੁੱਟ ਗਿਆ। ਮੈਂ ਤਗਮੇ ਦੀ ਸਾਰੀ ਉਮੀਦ ਛੱਡ ਦਿੱਤੀ। ਪਰ ਉਸ ਵੇਲੇ ਹੈਰਾਨੀ ਹੋਈ ਜਦ ਨਾਇਜੀਰੀਆ ਦੀ ਖਿਡਾਰਨ ਸਾਰੇ ਯਤਨਾਂ ਵਿਚ ਅਸਫ਼ਲ ਹੋ ਗਈ।’

Add a Comment

Your email address will not be published. Required fields are marked *