ਕੁਲਦੀਪ ਦੀ ਜਗ੍ਹਾ ਲੈਣ ਦਾ ਕੋਈ ਦਬਾਅ ਨਹੀਂ ਸੀ : ਉਨਾਦਕਤ

ਨਵੀਂ ਦਿੱਲੀ–12 ਸਾਲ ਵਿਚ ਪਹਿਲੀ ਵਾਰ ਭਾਰਤ ਲਈ ਟੈਸਟ ਖੇਡ ਰਹੇ ਜੈਦੇਵ ਉਨਾਦਕਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣਾ ‘ਵਾਅਦਾ’ ਨਿਭਾਇਆ। ਟੈਸਟ ਕ੍ਰਿਕਟ ਖੇਡਣ ਲਈ ਉਹ ਕਿਸ ਕਦਰ ਤਰਸ ਰਿਹਾ ਹੈ, ਇਸ ਦਾ ਸਬੂਤ ਜਨਵਰੀ ਵਿਚ ਦੇਖਣ ਨੂੰ ਮਿਲੀ ਜਦੋਂ ਉਸਦਾ ਇਕ ਟਵੀਟ ਵਾਇਰਲ ਹੋਇਆ ਸੀ। ਉਸ ਨੇ ਲਿਖਿਆ ਸੀ, ‘‘ਡੀਅਰ ‘ਰੈੱਡ ਬਾਲ’, ਮੈਨੂੰ ਇਕ ਮੌਕਾ ਹੋਰ ਦੇ ਦਿਓ ‘ਪਲੀਜ਼’। ਤੈਨੂੰ ਮਾਣ ਹੋਵੇਗਾ, ਇਹ ਮੇਰਾ ਵਾਅਦਾ ਹੈ।’’

ਉਨਾਦਕਤ ਨੇ ਬੰਗਲਾਦੇਸ਼ ਤੋਂ ਪਰਤਣ ਤੋਂ ਬਾਅਦ ਕਿਹਾ,‘‘ਹਰ ਕਿਸੇ ਨੂੰ ਲੱਗਾ ਕਿ ਮੈਂ ਰਾਸ਼ਟਰੀ ਟੀਮ ਵਿਚ ਵਾਪਸੀ ਦੀ ਗੱਲ ਕਰ ਰਿਹਾ ਹਾਂ। ਮੈਨੂੰ ਲਾਲ ਗੇਂਦ ਨਾਲ ਕ੍ਰਿਕਟ ਖੇਡਣ ਦੀ ਇੱਛਾ ਸੀ ਕਿਉਂਕਿ ਕੋਰੋਨਾ ਦੇ ਕਾਰਨ ਰਣਜੀ ਟਰਾਫੀ ਫਿਰ ਮੁਅੱਤਲ ਹੋ ਗਈ ਸੀ।’’ਉਨਾਦਕਤ ਨੇ ਆਖਰੀ ਵਾਰ 2010 ਵਿਚ ਟੈਸਟ ਖੇਡਿਆ ਸੀ, ਜਿਸ ਟੀਮ ਵਿਚ ਸਚਿਨ ਤੇਂਦੁਲਕਰ ਤੇ ਮੌਜੂਦਾ ਮੁੱਖ ਕੋਚ ਰਾਹੁਲ ਦ੍ਰਾਵਿੜ ਵੀ ਸੀ। ਉਸ ਨੇ ਦੂਜਾ ਟੈਸਟ ਬੰਗਲਾਦੇਸ਼ ਵਿਰੁੱਧ ਹੁਣ ਖੇਡਿਆ ਕਿਉਂਕਿ ਮੁਹੰਮਦ ਸ਼ੰਮੀ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਸੀ।

ਵੀਜ਼ਾ ਮਿਲਣ ਵਿਚ ਦੇਰੀ ਦੇ ਕਾਰਨ ਉਹ ਪਹਿਲਾ ਟੈਸਟ ਸ਼ੁਰੂ ਹੋਣ ਤੋਂ ਬਾਅਦ ਹੀ ਬੰਗਲਾਦੇਸ਼ ਪਹੁੰਚਿਆ ਪਰ ਦੂਜੇ ਟੈਸਟ ਵਿਚ ਉਸ ਨੂੰ ਕੁਲਦੀਪ ਯਾਦਵ ਦੀ ਜਗ੍ਹਾ ਉਤਾਰਿਆ ਗਿਆ। ਪਹਿਲੇ ਟੈਸਟ ਵਿਚ 8 ਵਿਕਟਾਂ ਲੈਣ ਵਾਲੇ ਕੁਲਦੀਪ ਨੂੰ ਬਾਹਰ ਕਰਨ ਤੋਂ ਕਾਫੀ ਵਿਵਾਦ ਖੜ੍ਹਾ ਹੋਇਆ ਸੀ। ਉਨਾਦਕਤ ਨੇ ਜਾਕਿਰ ਹਸਨ ਦੇ ਰੂਪ ਵਿਚ ਪਹਿਲੀ ਟੈਸਟ ਵਿਕਟ ਲਈ। ਉਸ ਨੇ ਕਿਹਾ, ‘‘ਇਹ ਮੇਰੇ ਕਰੀਅਰ ਦੀਆਂ ਸਭ ਤੋਂ ਸੁਨਹਿਰੀਆਂ ਯਾਦਾਂ ਵਿਚੋਂ ਇਕ ਹੋਵੇਗੀ। ਟੈਸਟ ਵਿਕਟ ਲੈਣ ਦੀ ਕਲਪਨਾ ਮੈਂ ਹਜ਼ਾਰ ਵਾਰ ਕਰ ਚੁੱਕਾ ਸੀ।’’

ਇਹ ਪੁੱਛਣ ’ਤੇ ਕਿ ਕੀ ਕੁਲਦੀਪ ਦੀ ਜਗ੍ਹਾ ਲੈਣ ਨਾਲ ਕੋਈ ਦਬਾਅ ਮਹਿਸੂਸ ਹੋਇਆ, ਉਸ ਨੇ ਕਿਹਾ, ‘‘ਬਿਲਕੁਲ ਨਹੀਂ। ਜਦੋਂ ਤੁਸੀਂ ਉਮੀਦ ਨਹੀਂ ਕਰਦੇ ਤੇ ਚੀਜ਼ਾਂ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਮੈਂ ਸਿਰਫ ਆਪਣਾ ਯੋਗਦਾਨ ਦੇਣਾ ਚਾਹੁੰਦਾ ਸੀ। ਘਰੇਲੂ ਕ੍ਰਿਕਟ ਖੇਡਣ ਨਾਲ ਮੈਨੂੰ ਕਾਫੀ ਫਾਇਦਾ ਮਿਲਿਆ।’’

Add a Comment

Your email address will not be published. Required fields are marked *