ਕਸ਼ਮੀਰੀ ਪੰਡਿਤ ਮੁਲਾਜ਼ਮਾਂ ਲਈ ਕਾਂਗਰਸ ਨੇ ਮੰਗੀ ਸੁਰੱਖਿਆ

ਸ੍ਰੀਨਗਰ, 28 ਦਸੰਬਰ-: ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਅੱਜ ਕਿਹਾ ਕਿ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਜਾਂ ਕਸ਼ਮੀਰ ਵਾਦੀ ਵਿੱਚ ਹਾਲਾਤ ਸੁਧਰਨ ਤੱਕ ਉਨ੍ਹਾਂ ਨੂੰ ਜੰਮੂ ਤਬਦੀਲ ਕੀਤਾ ਜਾਵੇ। ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ (ਜੇਕੇਪੀਸੀਸੀ) ਪ੍ਰਧਾਨ ਵਿਕਾਰ ਰਸੂਲ ਵਾਨੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਕਿਸੇ ਨੂੰ ਮਰਨ ਲਈ ਨਹੀਂ ਛੱਡ ਸਕਦੇ। ਉਨ੍ਹਾਂ ਨੂੰ ਨੌਕਰੀਆਂ ਕਾਂਗਰਸ (ਸਰਕਾਰ) ਨੇ ਦਿੱਤੀਆਂ ਸਨ। ਉਹ 12 ਵਰ੍ਹਿਆਂ ਤੋਂ ਇੱਥੇ ਰਹਿ ਰਹੇ ਹਨ ਅਤੇ ਉਨ੍ਹਾਂ ਕਦੇ ਨਹੀਂ ਕਿਹਾ ਕਿ ਉਹ ਜੰਮੂ ਵਾਪਸ ਜਾਣਾ ਚਾਹੁੰਦੇ ਹਨ। ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ (ਹਾਲੀਆ) ਹੱਤਿਆਵਾਂ ਮਗਰੋਂ ਉਹ ਪ੍ਰਦਰਸ਼ਨ ਕਰ ਰਹੇ ਹਨ।’’ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਪੈਕੇਜ ਵਾਲੇ ਮੁਲਾਜ਼ਮ ਘਾਟੀ ਵਿੱਚ ਆਪਣੇ ਸਾਥੀਆਂ ’ਤੇ ਹਮਲਿਆਂ ਮਗਰੋਂ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਉਨ੍ਹਾਂ ਜੰਮੂ ਤਬਦੀਲ ਕੀਤਾ ਜਾਵੇ। ਇਹ ਪ੍ਰਦਰਸ਼ਨ ਇਸ ਸਾਲ 12 ਮਈ ਨੂੰ ਕਲਰਕ ਰਾਹੁਲ ਭੱਟ ਦੀ ਹੱਤਿਆ ਮਗਰੋਂ ਸ਼ੁਰੂ ਹੋਏ ਸਨ। ਰਾਹੁਲ ਦੀ ਬਡਗਾਮ ਜ਼ਿਲ੍ਹੇ ਦੀ ਚੰਡੂਰਾ ਤਹਿਸੀਲ ਵਿੱਚ ਤਹਿਸੀਲਦਾਰ ਦੇ ਦਫ਼ਤਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 

ਪ੍ਰਧਾਨ ਰਸੂਲ ਨੇ ਕਿਹਾ, ‘‘ਮੈਂ ਸੋਚਦਾ ਹੈ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣੀਆਂ ਜ਼ਰੂਰੀ ਹਨ, ਇਸ ਉਨ੍ਹਾਂ ਦੇ ਮਸਲਿਆਂ   ਦਾ ਹੱਲ ਹੋਣਾ ਚਾਹੀਦਾ ਹੈ।’’ ਉਨ੍ਹਾਂ   ਕਿਹਾ ਕਿ ਕਸ਼ਮੀਰੀ ਪੰਡਿਤ ਮੁਲਾਜ਼ਮਾਂ  ਨੂੰ ਸੁਰੱਖਿਆ ਮੁਹੱਈਆ ਕਰਵਾਈ  ਜਾਣੀ ਚਾਹੀਦੀ ਹੈ ਅਤੇ ‘‘ਜੇਕਰ ਲੋੜ ਹੋਵੇ ਤਾਂ ਉਨ੍ਹਾਂ ਨੂੰ ਜੰਮੂ ਤਬਦੀਲ ਕੀਤਾ ਜਾਣਾ ਚਾਹੀਦਾ ਹੈ।’’

Add a Comment

Your email address will not be published. Required fields are marked *