ਲੋੜ ਤੋਂ ਵੱਧ ਸੋਚਣਾ ਇਕ ਧਾਰਨਾ ਹੈ, ਜੋ ਡੈਬਿਊ ਤੋਂ ਹੀ ਮੇਰੇ ਨਾਲ ਜੁੜੀ ਹੋਈ ਹੈ : ਅਸ਼ਵਿਨ

ਨਵੀਂ ਦਿੱਲੀ – ਬੰਗਲਾਦੇਸ਼ ਵਿਰੁੱਧ ਮੀਰਪੁਰ ਵਿਚ ਦੂਜੇ ਟੈਸਟ ਮੈਚ ਵਿਚ ਭਾਰਤ ਦੀ ਜਿੱਤ ਦੇ ਹੀਰੋ ਰਹੇ ਆਰ. ਅਸ਼ਵਿਨ ਨੇ ਉਨ੍ਹਾਂ ਲੋਕਾਂ ’ਤੇ ਨਿਸ਼ਾਨਾ ਵਿੰਨ੍ਹਿਆ ਹੈ, ਜਿਹੜੇ ਉਸ ਨੂੰ ਖੇਡ ਦੇ ਬਾਰੇ ਵਿਚ ਲੋੜ ਤੋਂ ਵੱਧ ਸੋਚਣ ਵਾਲਾ ਮੰਨਦੇ ਹਨ। ਸ਼੍ਰੇਅਸ ਅਈਅਰ ਦੇ ਨਾਲ ਬੱਲੇਬਾਜ਼ੀ ਕਰਦੇ ਹੋਏ ਅਸ਼ਵਿਨ ਨੇ ਆਪਣੇ ਕਰੀਅਰ ਦੀਆਂ ਸਰਵਸ੍ਰੇਸ਼ਠ ਪਾਰੀਆਂ ਵਿਚੋਂ ਇਕ ਪਾਰੀ ਖੇਡੀ ਤੇ ਭਾਰਤ ਨੂੰ ਸੰਕਟ ਵਿਚੋਂ ਬਾਹਰ ਕੱਢ ਕੇ 3 ਵਿਕਟਾਂ ਨਾਲ ਰੋਮਾਂਚਕ ਜਿੱਤ ਦਿਵਾਈ। ਉਸ ਨੇ ਮੈਚ ਵਿਚ ਛੇ ਵਿਕਟਾਂ ਲੈਣ ਤੋਂ ਇਲਾਵਾ ਦੂਜੀ ਪਾਰੀ ਵਿਚ ਅਜੇਤੂ 42 ਦੌੜਾਂ ਬਣਾਈਆਂ, ਜਿਸ ਦੇ ਲਈ ਉਸ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਅਸ਼ਵਿਨ ਨੇ ਟਵੀਟ ਕੀਤਾ, ‘‘ਲੋੜ ਤੋਂ ਵੱਧ ਸੋਚਣਾ ਇਕ ਧਾਰਨਾ ਹੈ ਜਿਹੜਾ ਕਿ ਉਦੋਂ ਤੋਂ ਮੇਰੇ ਨਾਲ ਜੁੜੀ ਹੋਈ ਹੈ ਜਦੋਂ ਮੈਂ ਪੂਰੇ ਮਾਣ ਨਾਲ ਭਾਰਤੀ ਟੀਮ ਦੀ ਡ੍ਰੈੱਸ ਪਹਿਨੀ ਸੀ। ਮੈਂ ਪਿਛਲੇ ਕੁਝ ਸਮੇਂ ਤੋਂ ਇਸ ਬਾਰੇ ਵਿਚ ਸੋਚਣਾ ਸ਼ੁਰੂ ਕੀਤਾ ਤੇ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਲੋਕਾਂ ਦੇ ਦਿਮਾਗ ਤੋਂ ਇਹ ਸ਼ਬਦ ਮਿਟਾਉਣ ਲਈ ਜਨ ਸੰਪਰਕ ਦਾ ਸਹਾਰਾ ਲੈਣ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।’’ 

ਮੈਦਾਨ ’ਤੇ ਬਿਹਤਰੀਨ ਪ੍ਰਦਰਸ਼ਨ ਕਰਨ ਤੋਂ ਇਲਾਵਾ ਅਸ਼ਵਿਨ ਨੂੰ ਆਧੁਨਿਕ ਖੇਡ ਦਾ ਸਭ ਤੋਂ ਚੰਗਾ ਗਿਆਨ ਰੱਖਣ ਵਾਲੇ ਲੋਕਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਉਹ ਆਪਣਾ ਯੂ-ਟਿਊਬ ਚੈਨਲ ਵੀ ਚਲਾਉਂਦਾ ਹੈ। ਉਸ ਨੇ ਕਿਹਾ,‘‘ਹਰੇਕ ਵਿਅਕਤੀ ਦਾ ਸਫਰ ਵਿਸ਼ੇਸ਼ ਤੇ ਅਨੋਖਾ ਹੁੰਦਾ ਹੈ। ਇਸ ਸਫਰ ਵਿਚ ਕਿਸੇ ਨੂੰ ਜ਼ਿਆਦਾ ਸੋਚਣ ਦੀ ਲੋੜ ਪੈਂਦੀ ਹੈ ਤੇ ਕਿਸੇ ਨੂੰ ਨਹੀਂ। ਜਦੋਂ ਵੀ ਕੋਈ ਕਹਿੰਦਾ ਹੈ ਕਿ ਮੈਂ ਬਹੁਤ ਜ਼ਿਆਦਾ ਸੋਚਦਾ ਹਾਂ ਤਾਂ ਮੈਂ ਹਮੇਸ਼ਾ ਆਪਣੇ ਬਾਰੇ ਵਿਚ ਸੋਚਿਆ ਹੈ ਕਿ ਮੈਂ ਇਸ ਤਰ੍ਹਾਂ ਨਾਲ ਕ੍ਰਿਕਟ ਖੇਡਦਾ ਹਾਂ ਤੇ ਉਸ ਤਰ੍ਹਾਂ ਨਾਲ ਨਹੀਂ ਖੇਡਦਾ ਹਾਂ, ਜਿਵੇਂ ਮੈਂ ਹੋਰਨਾਂ ਨੂੰ ਸਲਾਹ ਦਿੰਦਾ ਹਾਂ।’’ ਅਸ਼ਵਿਨ ਨੇ ਕਿਹਾ,‘‘ਆਖਿਰ ਵਿਚ, ਮੈਂ ਖੇਡ ਦੇ ਬਾਰੇ ਵਿਚ ਬਹੁਤ ਡੂੰਘਾਈ ਨਾਲ ਸੋਚਦਾ ਹਾਂ ਤੇ ਆਪਣੇ ਵਿਚਾਰ ਸਾਂਝੇ ਕਰਦਾ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਵਿਚਾਰ ਸਾਂਝੇ ਕਰਨ ਤੋਂ ਵੱਧ ਉਪਲੱਬਧੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਹੋ ਸਕਦਾ ਹੈ ਕਿ ਇਹ ਪ੍ਰਸਿੱਦ ਨਾ ਹੋਣ ਪਰ ਮੇਰਾ ਟੀਚਾ ਸ਼ਬਦੀ ਜੰਗ ਜਿੱਤਣਾ ਨਹੀਂ ਸਗੋਂ ਕੁਝ ਸਿੱਖਣਾ ਹੈ।’’

Add a Comment

Your email address will not be published. Required fields are marked *