ਪਾਕਿਸਤਾਨ ਵਿੱਚ ਮੋਹਲੇਧਾਰ ਮੀਂਹ ਦਾ ਕਹਿਰ, 36 ਮੌਤਾਂ

ਇਸਲਾਮਾਬਾਦ, 21 ਅਗਸਤ

ਪਾਕਿਸਤਾਨ ’ਚ ਪਿਛਲੇ 24 ਘੰਟਿਆਂ ਦੌਰਾਨ ਮੋਹਲੇਧਾਰ ਮੀਂਹ ਕਾਰਨ 36 ਵਿਅਕਤੀ ਮਾਰੇ ਗਏ ਅਤੇ 145 ਹੋਰ ਜ਼ਖ਼ਮੀ ਹੋ ਗਏ। ਖ਼ਬਰ ਏਜੰਸੀ ਸਿਨਹੁਆ ਨੇ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਵੱਲੋਂ ਜਾਰੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਮ੍ਰਿਤਕਾਂ ’ਚ ਸੱਤ ਬੱਚੇ ਅਤੇ ਪੰਜ ਮਹਿਲਾਵਾਂ ਸ਼ਾਮਲ ਹਨ। ਸਿੰਧ ਸੂਬੇ ’ਤੇ ਸਭ ਤੋਂ ਵਧ ਕੁਦਰਤ ਦਾ ਕਹਿਰ ਟੁੱਟਿਆ ਹੈ। ਉਥੇ 18 ਵਿਅਕਤੀ ਮਾਰੇ ਗਏ ਅਤੇ 128 ਹੋਰ ਜ਼ਖ਼ਮੀ ਹੋ ਗਏ ਹਨ। ਮੀਂਹ ਕਾਰਨ ਖ਼ੈਬਰ ਪਖ਼ਤੂਨਖਵਾ ਸੂਬੇ ’ਚ 11 ਅਤੇ ਪੂਰਬੀ ਪੰਜਾਬ ’ਚ ਸੱਤ ਮੌਤਾਂ ਹੋਈਆਂ ਹਨ। ਸਿੰਧ ਦੀ ਰਾਜਧਾਨੀ ਕਰਾਚੀ ਅਤੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਫ਼ੌਜ ਪਹੁੰਚ ਚੁੱਕੀ ਹੈ ਅਤੇ ਉਹ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੀ ਹੈ। ਫ਼ੌਜ ਵੱਲੋਂ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਰਕਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ 27,870 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਿਨ੍ਹਾਂ ’ਚੋਂ 10,860 ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਏ ਹਨ। ਐੱਨਡੀਐੱਮਏ ਨੇ ਕਿਹਾ ਕਿ ਪਾਕਿਸਤਾਨ ’ਚ ਇਸ ਵਾਰ ਮੌਨਸੂਨ ਦੌਰਾਨ 728 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ’ਚੋਂ 156 ਮਹਿਲਾਵਾਂ ਅਤੇ 263 ਬੱਚੇ ਸ਼ਾਮਲ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਵੱਲੋਂ ਵੀ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।

Add a Comment

Your email address will not be published. Required fields are marked *