ਅਮਰੀਕਾ, ਕੈਨੇਡਾ ‘ਚ ਬਰਫ਼ੀਲੇ ਤੂਫ਼ਾਨ ਕਾਰਨ 38 ਲੋਕਾਂ ਦੀ ਮੌਤ

ਬਫੇਲੋ- ਅਮਰੀਕਾ ਅਤੇ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਤਬਾਹੀ ਮਚਾਉਣ ਵਾਲੇ ਬਰਫ਼ੀਲੇ ਤੂਫਾਨ ਕਾਰਨ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਕੁਝ ਇਲਾਕਿਆਂ ਵਿਚ ਤਾਪਮਾਨ -45 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। 38 ਪੀੜਤਾਂ ਵਿਚੋਂ 34 ਮੌਤਾਂ ਇਕੱਲੇ ਅਮਰੀਕਾ ਵਿਚ ਦਰਜ ਕੀਤੀਆਂ ਗਈਆਂ ਹਨ ਅਤੇ ਬਾਕੀ 4 ਮੌਤਾਂ ਕੈਨੇਡਾ ਵਿੱਚ ਉਸ ਸਮੇਂ ਹੋਈਆਂ, ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਪੱਛਮੀ ਸੂਬੇ ਵਿੱਚ ਮੈਰਿਟ ਸ਼ਹਿਰ ਦੇ ਨੇੜੇ ਇੱਕ ਬਰਫੀਲੀ ਸੜਕ ਉੱਤੇ ਇੱਕ ਬੱਸ ਪਲਟ ਗਈ। ਤੂਫ਼ਾਨ ਕਾਰਨ ਦੋਵਾਂ ਦੇਸ਼ਾਂ ਦੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਕੈਨੇਡਾ ਵਿੱਚ ਓਨਟਾਰੀਓ ਅਤੇ ਕਿਊਬਿਕ ਸੂਬੇ ਬਿਜਲੀ ਬੰਦ ਹੋਣ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।  

ਅਮਰੀਕਾ ਦਾ ਸੂਬਾ ਮੋਂਟਾਨਾ ਤੂਫਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ, ਜਿੱਥੇ ਤਾਪਮਾਨ -45 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਇਸ ਦੌਰਾਨ, ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਤੂਫਾਨ ਨੇ ਨਿਊਯਾਰਕ ਦੇ ਬਫੇਲੋ ‘ਚ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਐਮਰਜੈਂਸੀ ਸੇਵਾਵਾਂ ਵਿਚ ਵੀ ਵਿਘਨ ਪਿਆ। ਬਰਫ਼ ਦੀ ਮੋਟੀ ਪਰਤ ਕਾਰਨ ਸ਼ਹਿਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਤੂਫਾਨ ਕਾਰਨ ਕੈਨੇਡਾ ਦੇ ਨੇੜੇ ਮਹਾਨ ਝੀਲਾਂ ਤੋਂ ਲੈ ਕੇ ਮੈਕਸੀਕੋ ਦੀ ਸਰਹੱਦ ਨਾਲ ਲੱਗਦੇ ਰੀਓ ਗ੍ਰਾਂਡੇ ਤੱਕ ਦਾ ਇਲਾਕਾ ਪ੍ਰਭਾਵਿਤ ਹੋਇਆ ਹੈ।

Add a Comment

Your email address will not be published. Required fields are marked *