ਮੋਦੀ ਨੂੰ ਨਵੇਂ ਭਾਰਤ ਦਾ ਪਿਤਾਮਾ ਦੱਸਣਾ ਉਨ੍ਹਾਂ ਦਾ ਅਪਮਾਨ: ਰਾਊਤ

ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਆਗੂ ਸੰਜੈ ਰਾਊਤ ਨੇ ਅੱਜ ਭਾਜਪਾ ਨੂੰ ਪੁੱਛਿਆ ਕਿ ਕੀ ਉਹ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮਰੁਤਾ ਫੜਨਵੀਸ ਦੇ ਵਿਚਾਰਾਂ ਨਾਲ ਸਹਿਮਤ ਹੈ, ਜਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨਵੇਂ ਭਾਰਤ’ ਦਾ ਪਿਤਾਮਾ ਦੱਸਿਆ ਸੀ। ਰਾਊਤ ਨੇ ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ਵਿੱਚ ਆਪਣੇ ਹਫਤਾਵਰੀ ਕਾਲਮ ‘ਰੋਕਟੋਕ’ ਵਿੱਚ ਦਾਅਵਾ ਕੀਤਾ ਹੈ ਕਿ ਇਹ ਮੋਦੀ ਦਾ ‘ਅਪਮਾਨ’ ਹੈ ਕਿਉਂਕਿ ਨਵੇਂ ਭਾਰਤ ਵਿੱਚ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ ਅਤੇ ਅਤਿਵਾਦ ਦੀਆਂ ਸਮੱਸਿਆਵਾਂ ਵੱਡੇ ਪੱਧਰ ’ਤੇ ਉੱਭਰ ਰਹੀਆਂ ਹਨ।

ਰਾਜ ਸਭਾ ਮੈਂਬਰ ਨੇ ਕਿਹਾ, ‘‘ਭਾਜਪਾ ਵਿੱਚ ਕੋਈ ਵੀ ਵੀਰ ਸਾਵਰਕਰ (ਸੁਤੰਤਰਤਾ ਸੈਨਾਨੀ) ਦੇ ਰਾਸ਼ਟਰ ਪਿਤਾ ਹੋਣ ਦੀ ਗੱਲ ਨਹੀਂ ਕਰਦਾ। ਆਰਐੱਸਐੱਸ ਨੇ ਹਮੇਸ਼ਾ ਸਾਵਰਕਰ ਦਾ ਵਿਰੋਧ ਕੀਤਾ, ਜਿਨ੍ਹਾਂ ਨੇ ਸਖ਼ਤ ਸਜ਼ਾ ਕੱਟੀ ਸੀ। ਇਨ੍ਹਾਂ ਲੋਕਾਂ ਨੇ ਭਾਰਤ ਨੂੰ ਪੁਰਾਣੇ ਅਤੇ ਨਵੇਂ ’ਚ ਵੰਡ ਦਿੱਤਾ ਹੈ।’’

ਬੈਂਕਰ ਅਤੇ ਗਾਇਕਾ ਅਮਰੁਤਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, ‘‘ਸਾਡੇ ਕੋਲ ਦੋ ‘ਰਾਸ਼ਟਰ ਪਿਤਾ’ ਹਨ। ਨਰਿੰਦਰ ਮੋਦੀ ‘ਨਵੇਂ ਭਾਰਤ’ ਦੇ ਪਿਤਾਮਾ ਹਨ ਅਤੇ ਮਹਾਤਮਾ ਗਾਂਧੀ ਪੁਰਾਣੇ ਰਾਸ਼ਟਰ ਦੇ ਪਿਤਾ ਹਨ।’’ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਸਮੇਤ ਵਿਰੋਧੀ ਧਿਰ ਕਾਂਗਰਸ ਨੇ ਇਸ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਰਾਊਤ ਨੇ ਅੱਜ ਪੁੱਛਿਆ ਕਿ ਕੀ ਭਾਜਪਾ ਆਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਨਾਲ ਮਿਲੀ ਆਜ਼ਾਦੀ ਸਵੀਕਾਰ ਨਹੀਂ ਕਰਦੀ। ਰਾਊਤ ਨੇ ਮਰਾਠੀ ਅਖਬਾਰ ਵਿੱਚ ਲਿਖਿਆ, “ਅੱਜ ਨਵੇਂ ਭਾਰਤ ਵਿੱਚ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ ਅਤੇ ਅਤਿਵਾਦ ਦੀਆਂ ਸਮੱਸਿਆਵਾਂ ਸਿਰ ਚੁੱਕ ਰਹੀਆਂ ਹਨ। ਮੋਦੀ ਨੂੰ ‘ਨਵੇਂ ਭਾਰਤ’ ਦਾ ਪਿਤਾ ਬਣਾਉਣਾ ਮੋਦੀ ਦਾ ਅਪਮਾਨ ਹੈ।’’

ਉਨ੍ਹਾਂ ਦਾਅਵਾ ਕੀਤਾ ਕਿ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਦਾ ਖਿਤਾਬ ਭਾਰਤ ਦੇ ਲੋਕਾਂ ਵੱਲੋਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੇ ਸੰਸਥਾਪਕ ਮਰਹੂਮ ਬਾਲਾ ਸਾਹਿਬ ਠਾਕਰੇ ਸਮੇਤ ਕਈ ਹੋਰ ਸਿਆਸੀ ਵਿਰੋਧੀਆਂ ਨੂੰ ਇਸ ’ਤੇ ਇਤਰਾਜ਼ ਸੀ। ਉਨ੍ਹਾਂ ਕਿਹਾ ਕਿ ਇੱਥੇ ਮਸਲਾ ਇਹ ਨਹੀਂ ਕਿ ਰਾਸ਼ਟਰ ਪਿਤਾ ਜਾਂ ਸਰਦਾਰ ਕੌਣ ਹੈ। ਸਗੋਂ ਮੁੱਦਾ ਆਜ਼ਾਦੀ ਦੀ ਲੜਾਈ ਵਿੱਚ ਭਾਜਪਾ ਦੇ ਯੋਗਦਾਨ ਦਾ ਹੈ। ਰਾਊਤ ਨੇ ਦੋਸ਼ ਲਾਇਆ, ‘‘ਆਜ਼ਾਦੀ ਦੇ ਅੰਦੋਲਨ ਵਿੱਚ ਭਾਜਪਾ ਅਤੇ ਆਰਐੱਸਐੱਸ ਦੀ ਕੋਈ ਭੂਮਿਕਾ ਨਹੀਂ ਸੀ।’’ 

Add a Comment

Your email address will not be published. Required fields are marked *