‘ਭਾਰਤ ਜੋੜੋ ਯਾਤਰਾ’ ਅੱਜ ਪੁੱਜੇਗੀ ਦਿੱਲੀ

ਫਰੀਦਾਬਾਦ, 23 ਦਸੰਬਰ-: ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਅੱਜ ਗੁਰੂਗ੍ਰਾਮ ਦੇ ਸੋਹਨਾ ਕਸਬੇ ਦੇ ਪਿੰਡ ਖੇਰਲੀ ਲਾਲਾ ਤੋਂ ਫਰੀਦਾਬਾਦ ਜ਼ਿਲ੍ਹੇ ਵਿੱਚ ਦਾਖ਼ਲ ਹੋਈ ਤੇ ਇਸ ਸਨਅਤੀ ਸ਼ਹਿਰ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲਿਆ। ਭਲਕੇ ਇਹ ਯਾਤਰਾ ਬਦਰਪੁਰ ਦੇ ਰਸਤੇ ਦਿੱਲੀ ਵਿੱਚ ਦਾਖ਼ਲ ਹੋ ਜਾਵੇਗੀ ਤੇ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਵਿਚ ਜਾ ਕੇ ਰੁਕੇਗੀ। ਅਦਾਕਾਰ ਤੇ ਸਿਆਸਤਦਾਨ ਬਣੇ ਕਮਲ ਹਾਸਨ ਦੇ ਭਲਕੇ ਦਿੱਲੀ ਵਿਚ ਯਾਤਰਾ ਨਾਲ ਜੁੜਨ ਦੀ ਸੰਭਾਵਨਾ ਹੈ। ਦਿੱਲੀ ਵਿਚ ਆਜ਼ਾਦੀ ਘੁਲਾਟੀਆਂ ਦੇ ਕਈ ਪਰਿਵਾਰ ਤੇ ਚੋਟੀ ਦੇ ਕਾਂਗਰਸ ਆਗੂ ਵੀ ਯਾਤਰਾ ਨਾਲ ਜੁੜਨਗੇ। ਦਿੱਲੀ ਕਾਂਗਰਸ ਮੁਤਾਬਕ ਯਾਤਰਾ ਵਿਚ 40-50 ਹਜ਼ਾਰ ਲੋਕ ਸ਼ਾਮਲ ਹੋ ਸਕਦੇ ਹਨ। ਅੱਜ ਸ਼ਾਮ ਵੇਲੇ ਫਰੀਦਾਬਾਦ ਵਿਚ ਬੜਖਲ੍ਹ ਮੋੜ ਕੋਲ ਗੋਪਾਲ ਗਾਰਡਨ ਵਿਚ ਸ਼ਾਮ ਨੂੰ ਕੀਤੀ ਗਈ ਨੁੱਕੜ ਸਭਾ ਵਿੱਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਉਪਰ ਹੱਲਾ ਬੋਲਿਆ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, ‘ਇਹ ਸਰਕਾਰ ਮੋਦੀ ਦੀ ਨਹੀਂ ਹੈ। ਇਹ ਗਲਤਫਹਿਮੀ ਨਾ ਰੱਖੋ, ਇਹ ਅਡਾਨੀ ਤੇ ਅੰਬਾਨੀ ਦੀ ਸਰਕਾਰ ਹੈ। ਹਰਿਆਣਾ ’ਚ ਭਾਰਤ ਜੋੜੋ ਯਾਤਰਾ ਦੇ ਤੀਜੇ ਦਿਨ ਫਰੀਦਾਬਾਦ ਦੇ ਪਾਖਲ ’ਚ ਪ੍ਰੈੱਸ ਕਾਨਫਰੰਸ ’ਚ ਬੋਲਦਿਆਂ ਕਨ੍ਹੱਈਆ ਕੁਮਾਰ ਨੇ ਕਿਹਾ ਕਿ ਭਾਜਪਾ ਕਾਂਗਰਸ ’ਤੇ ਹੱਲਾ ਬੋਲ ਕੇ ਸਮਾਂ ਬਰਬਾਦ ਕਰ ਰਹੀ ਹੈ। ਜਦੋਂ ਤੋਂ ਯਾਤਰਾ ਸ਼ੁਰੂ ਹੋਈ ਹੈ, ਭਾਜਪਾ ਬੇਬੁਨਿਆਦ ਮੁੱਦੇ ਚੁੱਕ ਕੇ ਕਾਂਗਰਸ ’ਤੇ ਹਮਲਾ ਕਰ ਰਹੀ ਹੈ। ਕਨ੍ਹੱਈਆ ਨੇ ਸਵਾਲ ਕੀਤਾ ਕਿ ਯਾਤਰਾ ਮੁਲਤਵੀ ਕਰਨ ਲਈ ਪੱਤਰ ਲਿਖ ਕੇ ਸਿਹਤ ਮੰਤਰੀ ਸਿਆਹੀ ਕਿਉਂ ਬਰਬਾਦ ਕਰ ਰਹੇ ਹਨ? ਬੁੱਧਵਾਰ ਨੂੰ ਰਾਜਸਥਾਨ ਤੋਂ ਹੁੰਦੀ ਹੋਈ ਇਹ ਯਾਤਰਾ ਹਰਿਆਣਾ ਵਿੱਚ ਦਾਖ਼ਲ ਹੋਈ ਸੀ। ਅੱਜ ਯਾਤਰਾ ਵਿੱਚ ਹਰਿਆਣਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ’ਚੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਹਾਜ਼ਰ ਸਨ।

Add a Comment

Your email address will not be published. Required fields are marked *