ਵਰਕਰਾਂ ਦੀ ਅਣਦੇਖੀ ਤੇ ਜ਼ਾਬਤੇ ਦੀ ਘਾਟ ਕਾਰਨ ਕਾਂਗਰਸ ਹਾਰੀ: ਵੜਿੰਗ

ਸੰਗਰੂਰ/ਬਠਿੰਡਾ, 22 ਦਸੰਬਰ– ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਲੋਂ ਪਾਰਟੀ ਵਰਕਰਾਂ ਦੀ ਅਣਦੇਖੀ ਕਰਨ ਅਤੇ ਕਾਂਗਰਸ ਦੇ ਹਰ ਵਿਅਕਤੀ ਦੇ ਮੁੱਖ ਮੰਤਰੀ ਦੀ ਦੌੜ ਵਿਚ ਸ਼ਾਮਲ ਹੋਣ ਕਾਰਨ ਜਦੋਂ ਪਾਰਟੀ ਦੇ ਹਾਲਾਤ ਜ਼ਾਬਤੇ ਤੋਂ ਬਾਹਰ ਹੋ ਗਏ ਤਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਇੱਕ ਜ਼ਾਬਤੇ ’ਚ ਬੰਨ੍ਹੀ ਜਾਵੇ ਤਾਂ ਦੁਨੀਆਂ ਦੀ ਕੋਈ ਤਾਕਤ ਉਨ੍ਹਾਂ ਨੂੰ ਹਰਾ ਨਹੀਂ ਸਕਦੀ। ਉਹ ਇਥੋਂ ਦੇ ਇਕ ਪੈਲੇਸ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਤਾਜਪੋਸ਼ੀ ਲਈ ਕਰਵਾਏ ਸਮਾਗਮ ਵਿਚ ਪੁੱਜੇ। ਇਸ ਮੌਕੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਵਿਜੈਇੰਦਰ ਸਿੰਗਲਾ, ਸੁਰਿੰਦਰਪਾਲ ਸਿੰਘ ਸਿਬੀਆ ਤੇ ਰਾਹੁਲਇੰਦਰ ਭੱਠਲ ਆਦਿ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸਾਢੇ ਚਾਰ ਸਾਲ ਵਿਚ ਇੱਕ ਵਾਰ ਵੀ ਚੈਕ ਨਹੀਂ ਕੀਤਾ ਕਿ ਪੰਜਾਬ ਦਾ ਮੁੱਖ ਮੰਤਰੀ ਅਤੇ ਵਜ਼ੀਰ ਕੀ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਰਾਜਾ ਵੜਿੰਗ ਬਠਿੰਡਾ ’ਚ ਕਾਂਗਰਸ ਦੇ ਨਵਨਿਯੁਕਤ ਪ੍ਰਧਾਨਾਂ ਰਾਜਨ ਗਰਗ ਤੇ ਖੁਸ਼ਬਾਜ਼ ਸਿੰਘ ਜਟਾਣਾ ਦੀ ਤਾਜਪੋਸ਼ੀ ਮੌਕੇ ਰੱਖੇ ਸਮਾਗਮ ਵਿਚ ਪੁੱਜੇ। ਉਨ੍ਹਾਂ ਅਸਿੱਧੇ ਢੰਗ ਨਾਲ ਸਾਬਕਾ ਵਿੱਤ ਮੰਤਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਾਂਗਰਸ ਨੇ ਕਈ ਫ਼ੇਲ੍ਹ ਹੋ ਚੁੱਕੇ ਬੰਦਿਆਂ ਨੂੰ ਤਾਕਤਾਂ ਬਖ਼ਸ਼ੀਆਂ ਪਰ ਹੁਣ ਉਨ੍ਹਾਂ ਨੂੰ ਵੀ ਪਾਰਟੀ ਲਈ ਖੜ੍ਹਨਾ ਚਾਹੀਦਾ ਹੈ। ਗੌਰਤਲਬ ਹੈ ਕਿ ਅੱਜ ਦੇ ਸਮਾਗਮ ਵਿਚ ਮਨਪ੍ਰੀਤ ਬਾਦਲ ਧੜਾ ਪੂਰੀ ਤਰ੍ਹਾਂ ਗਾਇਬ ਸੀ ਅਤੇ ਮੇਅਰ ਸਣੇ ਕਈ ਕੌਂਸਲਰਾਂ ਨੇ ਤਾਜਪੋਸ਼ੀ ਸਮਾਗਮ ਤੋਂ ਦੂਰੀ ਬਣਾਈ।

Add a Comment

Your email address will not be published. Required fields are marked *