ਜਲੰਧਰ ਦੀ ਧੀ ਨੇ ‘ਕੌਨ ਬਨੇਗਾ ਕਰੋੜਪਤੀ’ ਜੂਨੀਅਰ ‘ਚ ਚਮਕਾਇਆ ਨਾਂ

ਜਲੰਧਰ – ਦਾਦੀ ਦਾ ਆਸ਼ੀਰਵਾਦ ਲੈ ਕੇ ‘ਕੌਨ ਬਨੇਗਾ ਕਰੋੜਪਤੀ’ ਜੂਨੀਅਰ ਵਿਚ ਪੁੱਜੀ 14 ਸਾਲਾ ਜਪਸਿਮਰਨ ਨੇ 50 ਲੱਖ ਰੁਪਏ ਜਿੱਤ ਕੇ ਜਲੰਧਰ ਦਾ ਨਾਂ ਰੌਸ਼ਨ ਕੀਤਾ ਹੈ। ਜਲੰਧਰ ਪਹੁੰਚਣ ’ਤੇ ਇਲਾਕਾ ਵਾਸੀਆਂ ਨੇ ਜਪਸਿਮਰਨ ਦਾ ਸਵਾਗਤ ਕੀਤਾ ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਿਨੇਸ਼ ਢੱਲ, ਗੁਰਚਰਨ ਸਿੰਘ ਭਮਰਾ, ਨੀਰਜ ਜੱਸਲ ਅਤੇ ਗਗਨਦੀਪ ਸਿੰਘ ਵੱਲੋਂ ਜਪਸਿਮਰਨ ਨੂੰ ਸਨਮਾਨਿਤ ਕੀਤਾ ਗਿਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੋੜਪਤੀ ਜੂਨੀਅਰ ਦੀ ਹਾਟ ਸੀਟ ’ਤੇ ਬੈਠ ਕੇ ਉਨ੍ਹਾਂ ਦੀ ਧੀ ਨੇ ਅਮਿਤਾਭ ਬੱਚਨ ਦੇ ਸਾਹਮਣੇ ਸਾਰੇ ਸਵਾਲਾਂ ਦਾ ਸਹੀ ਅਤੇ ਪੂਰੇ ਆਤਮਵਿਸ਼ਵਾਸ ਨਾਲ ਜਵਾਬ ਦਿੱਤਾ। ਅਜੇ ਜੋ 50 ਲੱਖ ਰੁਪਏ ਇਨਾਮ ਦੇ ਰੂਪ ਵਿਚ ਮਿਲੇ ਹਨ, ਉਹ ਚੈਨਲ ਦੀ ਭਾਸ਼ਾ ਵਿਚ ਉਸਨੂੰ 50 ਲੱਖ ਪੁਆਇੰਟ ਮੰਨਿਆ ਗਿਆ ਹੈ, ਜਿਸ ਨੂੰ ਬਾਅਦ ਵਿਚ ਪੈਸਿਆਂ ਵਿਚ ਬਦਲ ਦਿੱਤਾ ਜਾਵੇਗਾ। ਜਦੋਂ ਉਹ 18 ਸਾਲਾਂ ਦੀ ਹੋਵੇਗੀ, ਪੈਸੇ ਉਸਦੇ ਅਕਾਊਂਟ ਵਿਚ ਟਰਾਂਸਫਰ ਹੋ ਜਾਣਗੇ।

ਦਾਦੀ ਨਾਲ ਬੇਇੰਤਹਾ ਪਿਆਰ ਦੀ ਗੱਲ ’ਤੇ ਭਾਵੁਕ ਹੋ ਗਏ ਅਮਿਤਾਭ ਬੱਚਨ

ਜਪਸਿਮਰਨ ਦੇ ਪਿਤਾ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਉਨ੍ਹਾਂ ਦੀ ਧੀ ਦੀ ਇਸ ਉਪਲੱਬਧੀ ਬਾਰੇ ਸ਼ਬਦ ਨਹੀਂ ਹਨ। ਉਨ੍ਹਾਂ ਦੀ ਧੀ ਨੇ ਉਨ੍ਹਾਂ ਦਾ ਨਾਂ ਤਾਂ ਰੌਸ਼ਨ ਕੀਤਾ ਹੀ ਹੈ, ਨਾਲ ਹੀ ਕੇਂਦਰੀ ਵਿਦਿਆਲਾ ਸੂਰਾਨੁੱਸੀ ਦਾ ਨਾਂ ਵੀ ਚਮਕਾਇਆ ਹੈ। ਜਦੋਂ ਉਨ੍ਹਾਂ ਦੀ ਧੀ ਤੋਂ ਅਮਿਤਾਭ ਬੱਚਨ ਨੇ ਪੁੱਛਿਆ ਕਿ ਸਭ ਤੋਂ ਜ਼ਿਆਦਾ ਪਿਆਰ ਕਿਸ ਨੂੰ ਕਰਦੀ ਹੋ ਤਾਂ ਉਨ੍ਹਾਂ ਦੀ ਧੀ ਨੇ ਜਵਾਬ ਦਿੱਤਾ ਆਪਣੀ ਦਾਦੀ ਮਨਜੀਤ ਕੌਰ ਨੂੰ। ਜਦੋਂ ਦਾਦੀ ਦੇ ਪਿਆਰ ਦੀ ਗੱਲ ਅਮਿਤਾਭ ਬੱਚਨ ਨੇ ਸੁਣੀ ਤਾਂ ਉਹ ਵੀ ਭਾਵੁਕ ਹੋ ਗਏ ਅਤੇ ਕਹਿਣ ਲੱਗੇ ਕਿ ਉਹ ਵੀ ਆਪਣੀ ਦਾਦੀ ਨੂੰ ਬਹੁਤ ਪਿਆਰ ਕਰਦੇ ਹਨ। 

ਮਾਂ ਸਰਕਾਰੀ ਸਕੂਲ ’ਚ ਹੈ ਅਧਿਆਪਕਾ

ਜਪਸਿਮਰਨ ਦੀ ਮਾਂ ਗੁਰਵਿੰਦਰ ਕੌਰ ਸਰਕਾਰੀ ਸਕੂਲ ਵਿਚ ਅਧਿਆਪਕਾ ਹੈ।  ਉਹ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੁਸਤਫਾਪੁਰ ਬਲਾਕ ਕਰਤਾਰਪੁਰ ਵਿਚ ਮੁੱਖ ਅਧਿਆਪਕਾ ਹੈ। ਦਾਦਾ ਤਾਰਾ ਸਿੰਘ ਨੇ ਵੀ ਇਸ ਸ਼ੋਅ ਵਿਚ ਪਹੁੰਚਣ ਤੋਂ ਬਾਅਦ ਹੌਸਲਾ ਵਧਾਇਆ। ਸਕੂਲ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਟੀਚਰਾਂ ਨੇ ਵੀ ਉਸਦਾ ਸਾਥ ਅਤੇ ਅਸ਼ੀਰਵਾਦ ਦਿੱਤਾ।ਜਪਸਿਮਰਨ ਨੇ ਕਿਹਾ ਕਿ ਉਸ ਨੇ ‘ਕੌਨ ਬਨੇਗਾ ਕਰੋੜਪਤੀ’ ਵਿਚ ਪਹੁੰਚਣ ਲਈ ਕਾਫੀ ਮਿਹਨਤ ਕੀਤੀ ਅਤੇ ਸਭ ਤੋਂ ਜ਼ਿਆਦਾ ਮਿਹਨਤ ਉਸਨੂੰ ਅਮਿਤਾਭ ਬੱਚਨ ਦੇ ਸਾਹਮਣੇ ਬਣੇ ਰਹਿਣ ਵਿਚ ਲੱਗੀ। ਇਸ ਸ਼ੋਅ ਵਿਚ ਪਹੁੰਚਣ ਵਿਚ ਉਨ੍ਹਾਂ ਦੇ ਪਿਤਾ ਨੇ ਪੂਰਾ ਸਾਥ ਦਿੱਤਾ, ਜਿਹੜੇ ਕਿ ਪੇਸ਼ੇ ਤੋਂ ਇੰਜੀਨੀਅਰ ਹਨ। ਉਨ੍ਹਾਂ ਵੀ ਸ਼ੋਅ ਵਿਚ ਹਿੱਸਾ ਲੈਣ ਲਈ ਟਰਾਈ ਕੀਤਾ ਸੀ ਪਰ ਅਸਫਲ ਰਹੇ।

Add a Comment

Your email address will not be published. Required fields are marked *