ਕੇ. ਐੱਲ. ਰਾਹੁਲ ਅਭਿਆਸ ਸੈਸ਼ਨ ਦੌਰਾਨ ਸੱਟ ਦਾ ਸ਼ਿਕਾਰ, ਈਸ਼ਵਰਨ ਕਰ ਸਕਦੈ ਟੈਸਟ ਡੈਬਿਊ
ਨਵੀਂ ਦਿੱਲੀ- ਟੀਮ ਇੰਡੀਆ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਬੰਗਲਾਦੇਸ਼ ਦੇ ਖਿਲਾਫ ਵੀਰਵਾਰ ਤੋਂ ਢਾਕਾ ‘ਚ ਸ਼ੁਰੂ ਹੋਣ ਵਾਲੇ ਦੂਜੇ ਅਤੇ ਆਖਰੀ ਟੈਸਟ ਤੋਂ ਪਹਿਲਾਂ ਅਭਿਆਸ ਸੈਸ਼ਨ ਦੌਰਾਨ ਕਾਰਜਵਾਹਕ ਕਪਤਾਨ ਕੇਐੱਲ ਰਾਹੁਲ ਦੇ ਹੱਥ ‘ਚ ਸੱਟ ਲੱਗ ਗਈ। ਹਾਲਾਂਕਿ ਮਹਿਮਾਨ ਟੀਮ ਨੂੰ ਪੂਰੀ ਉਮੀਦ ਹੈ ਕਿ ਸਲਾਮੀ ਬੱਲੇਬਾਜ਼ ਮੈਚ ਖੇਡੇਗਾ।
ਭਾਰਤ ਨੇ ਚਟਗਾਂਵ ਵਿੱਚ ਪਹਿਲਾ ਟੈਸਟ 188 ਦੌੜਾਂ ਨਾਲ ਜਿੱਤਿਆ ਅਤੇ ਹੁਣ ਦੂਜੇ ਟੈਸਟ ਮੈਚ ‘ਚ ਉਹ 2-0 ਨਾਲ ਕਲੀਨ ਸਵੀਪ ਕਰਨ ਦੀ ਕੋਸ਼ਿਸ਼ ਕਰਨ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗਾ। ਭਾਰਤੀ ਟੀਮ ਪਹਿਲਾਂ ਹੀ ਨਿਯਮਤ ਕਪਤਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਵਿੱਚ ਖੇਡ ਰਹੀ ਹੈ ਜੋ ਅੰਗੂਠੇ ਦੀ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਸਨ ।
ਭਾਰਤ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਪੱਤਰਕਾਰਾਂ ਨੂੰ ਕਿਹਾ, ‘ਇਹ ਸੱਟ ਗੰਭੀਰ ਨਹੀਂ ਲੱਗਦੀ ਹੈ’। ‘ ਉਮੀਦ ਹੈ ਕਿ ਉਸ ਦੀ ਸੱਟ ਠੀਕ ਹੋ ਜਾਵੇਗੀ। ਡਾਕਟਰ ਉਸ ਨੂੰ ਦੇਖ ਰਹੇ ਹਨ, ਪਰ ਉਮੀਦ ਹੈ ਕਿ ਉਹ ਮੈਚ ਤੋਂ ਪਹਿਲਾਂ ਫਿੱਟ ਜਾਵੇਗਾ।’

ਜੇਕਰ ਰਾਹੁਲ ਮੀਰਪੁਰ ‘ਚ ਮੈਚ ਨਹੀਂ ਖੇਡ ਸਕੇ ਤਾਂ ਉਪ ਕਪਤਾਨ ਚੇਤੇਸ਼ਵਰ ਪੁਜਾਰਾ ਟੀਮ ਦੀ ਕਮਾਨ ਸੰਭਾਲ ਸਕਦੇ ਹਨ। ਰਾਹੁਲ ਦੀ ਸੱਟ ਦਾ ਮਤਲਬ ਹੈ ਕਿ ਸਲਾਮੀ ਬੱਲੇਬਾਜ਼ ਅਭਿਮਨਿਊ ਈਸ਼ਵਰਨ ਦਾ ਟੈਸਟ ਡੈਬਿਊ ਹੋ ਸਕਦਾ ਹੈ, ਜਿਸ ਨੂੰ ਰੋਹਿਤ ਦੀ ਸੱਟ ਤੋਂ ਬਾਅਦ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।
