ਮੇਸੀ ਐਂਡ ਕੰਪਨੀ ਦਾ ਅਰਜਨਟੀਨਾ ਪਹੁੰਚਣ ‘ਤੇ ਸ਼ਾਨਦਾਰ ਸਵਾਗਤ

ਬਿਊਨਸ ਆਇਰਸ – ਵਿਸ਼ਵ ਕੱਪ ਦੇ ਹੁਣ ਤਕ ਦੇ ਸਭ ਤੋਂ ਰੋਮਾਂਚਕ ਫਾਈਨਲ ਵਿਚੋਂ ਇਕ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਖਿਤਾਬ ਦੇ ਨਾਲ ਵਾਪਸ ਪਰਤੀ ਅਰਜਨਟੀਨਾ ਦੀ ਚੈਂਪੀਅਨ ਫੁੱਟਬਾਲ ਟੀਮ ਦੀ ਇਕ ਝਲਕ ਪਾਉਣ ਲਈ ਹਜ਼ਾਰਾਂ ਲੋਕ ਤੜਕੇ ਹਵਾਈ ਅੱਡੇ ’ਤੇ ਇਕੱਠੇ ਹੋਏ ਤੇ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

ਕਪਤਾਨ ਲਿਓਨਲ ਮੇਸੀ ਦੀ ਅਗਵਾਈ ਵਿਚ ਅਰਜਨਟੀਨਾ ਦੀ ਰਾਜਧਾਨੀ ਦੇ ਠੀਕ ਬਾਹਰ ਇਲੇਇਜਾ ਵਿਚ ਤੜਕੇ 3 ਵਜੇ ਜਹਾਜ਼ ਵਿਚੋਂ ਉਤਰਨ ’ਤੇ ਟੀਮ ਦਾ ਪ੍ਰਸ਼ੰਸਕਾਂ ਨੇ ਪਲਕਾਂ ਵਿਛਾ ਕੇ ਸਵਾਗਤ ਕੀਤਾ। ਇਸ ਦੌਰਾਨ ਟੀਮ ਲਈ ‘ਰੈੱਡ ਕਾਰਪੇਟ’ ਵਿਛਾਇਆ ਗਿਆ ਸੀ। ਜਹਾਜ਼ ਵਿਚੋਂ ਸਭ ਤੋਂ ਪਹਿਲਾਂ ਮੇਸੀ ਵਿਸ਼ਵ ਕੱਪ ਟਰਾਫੀ ਫੜ ਕੇ ਕੋਚ ਲਿਓਨਲ ਸਕੇਲੋਨੀ ਦੇ ਨਾਲ ਉਤਰਿਆ, ਜਿਨ੍ਹਾਂ ਨੇ ਕਪਤਾਨ ਦੇ ਮੋਢੇ ’ਤੇ ਹੱਥ ਰੱਖਿਆ ਹੋਇਆ ਸੀ। ਇਹ ਦੋਵੇਂ ਇਸ ਤੋਂ ਬਾਅਦ ਇਕ ਬੈਨਰ ਦੇ ਨੇੜੇ ਉਤਰੇ, ਜਿਸ ’ਤੇ ਲਿਖਿਆ ਸੀ, ‘‘ਧੰਨਵਾਦ , ਚੈਂਪੀਅਨਸ।’’ 

ਖਿਡਾਰੀਆਂ ਦਾ ਸਵਾਗਤ ਰਾਕ ਬੈਂਡ ਲਾ ਮੋਸਕਾ ਨੇ ‘ਮੁਚਾਚੋਸ’ ਗਾਉਂਦੇ ਹੋਏ ਕੀਤਾ। ਇਹ ਗੀਤ ਇਕ ਪ੍ਰਸ਼ੰਸਕ ਨੇ ਬੈਂਡ ਦੇ ਇਕ ਪੁਰਾਣੇ ਗੀਤ ਦੀ ਧੁੰਨ ’ਤੇ ਲਿਖਿਆ ਸੀ ਤੇ ਕਤਰ ਵਿਚ ਵਿਸ਼ਵ ਕੱਪ ਵਿਚ ਅਰਜਨਟੀਨਾ ਦੇ ਪ੍ਰਸ਼ੰਸਕਾਂ ਲਈ ਟੀਮ ਦਾ ਇਕ ਪ੍ਰਸਿੱਧ ਗੈਰ-ਰਸਮੀ ਗੀਤ ਬਣ ਗਿਆ ਸੀ। ਵਿਸ਼ਵ ਚੈਂਪੀਅਨ ਟੀਮ ਦੇ ਮੈਂਬਰ ਇਸ ਤੋਂ ਬਾਅਦ ਉੱਪਰੋਂ ਖੁੱਲ੍ਹੀ ਬੱਸ ਵਿਚ ਸਵਾਰ ਹੋਏ ਤੇ ਮੇਸੀ ਸਮੇਤ ਕਈ ਖਿਡਾਰੀਆਂ ਨੂੰ ‘ਮੁਚਾਚੋਸ’ ਨੂੰ ਗਾਉਂਦੇ ਦੇਖਿਆ ਗਿਆ, ਜਦਕਿ ਉਹ ਅਰਜਨਟੀਨਾ ਫੁੱਟਬਾਲ ਸੰਘ (ਏ. ਐੱਫ. ਏ.) ਦੇ ਦਫਤਰ ਤਕ ਦੀ ਯਾਤਰਾ ਕਰਨ ਲਈ ਸਾਰਿਆਂ ਦਾ ਇੰਤਜ਼ਾਰ ਕਰ ਰਹੇ ਸਨ।

PunjabKesari

ਖਿਡਾਰੀਆਂ ਦੀ ਇਕ ਝਲਕ ਪਾਉਣ ਲਈ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਹਾਈਵੇ ’ਤੇ ਇਕੱਠੇ ਸਨ ਤੇ ਅਰਜਨਟੀਨਾ ਦੇ ਝੰਡੇ ਲੈ ਕੇ ਲਹਿਰਾ ਰਹੇ ਸਨ, ਜਿਸ ਕਾਰਨ ਬੱਸ ਕਾਫੀ ਹੌਲੀ ਗਤੀ ਨਾਲ ਚੱਲ ਰਹੀ ਸੀ। ਬੱਸ ਨੂੰ ਹਵਾਈ ਅੱਡੇ ਤੋਂ ਏ.ਐੱਫ.ਏ. ਹੈੱਡਕੁਆਰਟਰ ਤੱਕ ਲਗਭਗ 11 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿੱਚ ਕਰੀਬ ਇੱਕ ਘੰਟਾ ਲੱਗਿਆ, ਜਿੱਥੇ ਖਿਡਾਰੀਆਂ ਦਾ ਆਤਿਸ਼ਬਾਜ਼ੀ ਨਾਲ ਸਵਾਗਤ ਕੀਤਾ ਗਿਆ। ਦੱਸ ਦੇਈਏ ਕਿ ਅਰਜਨਟੀਨਾ ਨੇ ਐਤਵਾਰ ਨੂੰ ਫਾਈਨਲ ਵਿੱਚ ਫਰਾਂਸ ਨੂੰ ਪੈਨਲਟੀ ਸ਼ੂਟ ਆਊਟ ਵਿੱਚ 4-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਦੋਵੇਂ ਟੀਮਾਂ ਨਿਯਮਤ ਸਮੇਂ ਦੇ 90 ਮਿੰਟ ਬਾਅਦ 2-2 ਅਤੇ ਫਿਰ 30 ਮਿੰਟ ਦੇ ਵਾਧੂ ਸਮੇਂ ਤੋਂ ਬਾਅਦ 3-3 ਨਾਲ ਬਰਾਬਰੀ ‘ਤੇ ਰਹੀਆਂ ਸਨ।

Add a Comment

Your email address will not be published. Required fields are marked *