ਥੀਏਟਰ ਫੈਸਟੀਵਲ: ਕੈਨੇਡਾ ਵਿਚ ਖੇਡੇ ਸੱਤ ਨਾਟਕਾਂ ਨੇ ਦਰਸ਼ਕ ਕੀਲੇ

ਬਰੈਂਪਟਨ, 2 ਅਗਸਤ

ਚੰਡੀਗੜ੍ਹ ਦੀ ਧੀ ਸ਼ਬੀਨਾ ਸਿੰਘ ਦੀ ਨਿਰਦੇਸ਼ਨਾ ਹੇਠ ਲਾਲ ਬਟਨ ਸੰਸਥਾ ਵਲੋਂ ਸਥਾਨਕ ਕਲਾਰਕ ਥੀਏਟਰ ਵਿਚ ਦੋ ਰੋਜ਼ਾ ਥੀਏਟਰ ਫੈਸਟੀਵਲ ਕਰਵਾਇਆ ਗਿਆ, ਜਿਸ ਵਿਚ ਸਮਾਜ ਦੀਆਂ ਵੱਖ ਵੱਖ ਸਮੱਸਿਆਵਾਂ ’ਤੇ ਰੋਸ਼ਨੀ ਪਾਉਂਦੇ ਸੱਤ ਨਾਟਕ ਖੇਡੇ ਗਏ। ਇਨ੍ਹਾਂ ਨਾਟਕਾਂ ਨੂੰ ਲਿਖਣ ਤੇ ਐਕਟਿੰਗ ਕਰਨ ਵਾਲੇ ਕੈਨੇਡਾ ਦੀ ਜ਼ਿੰਦਗੀ ਵਿਚ ਸ਼ੰਘਰਸ ਕਰਨ ਵਾਲੇ ਆਮ ਲੋਕ ਸਨ। ਸਾਰੇ ਨਾਟਕਾਂ ਵਿਚ ਨਵੀਂ ਤਕਨੀਕ ਨਵੇਂ ਸੁਨੇਹੇ ਸਨ, ਜਿਨ੍ਹਾਂ ਦੋ ਦਿਨ ਦਰਸ਼ਕਾਂ ਨੂੰ ਆਪਣੇ ਨਾਲ ਨਾਲ ਤੋਰੀ ਰੱਖਿਆ।

ਵਿਵੇਕ ਸ਼ਰਮਾ ਵੱਲੋਂ ਲਿਖੇ ਨਾਟਕ ‘ਚਾਹਤ’ ਟਰਾਂਸਜੈਂਡਰਾਂ ਨੂੰ ਦਰਪੇਸ਼ ਪੇਚੀਦਾ ਸਮੱਸਿਆਵਾਂ ’ਤੇ ਆਧਾਰਿਤ ਸੀ। ਅਮਲਾਨਦਾਸ ਦਾ ਨਾਟਕ ‘ਫਿਰ ਕਿਆ ਹੋਇਆ’ ਮਿਸਟਰੀ ਦੀ ਸ਼ਾਨਦਾਰ ਪੇਸ਼ਕਾਰੀ ਸੀ। ਰਿਸ਼ੀਪੁਰੀ ਦਾ ਨਾਟਕ ‘ਇਤਿਹਾਸ ਗਵਾਹ ਹੈ’ ਅਜ਼ਾਦੀ ਤੋ ਬਾਅਦ ਵੀ ਸ਼ਹੀਦਾਂ ਦੇ ਅਧੂਰੇ ਰਹਿ ਗਏ ਸੁਫ਼ਨਿਆਂ ਨੂੰ ਪੇਸ਼ ਕਰਦਾ ਸੀ। ਰਿਸ਼ਮਾ ਵੈਦਿਆ ਦੇ ‘ਅਫੇਅਰ’ ਨਾਟਕ ਵਿਚ ਦਰਸਾਇਆ ਗਿਆ ਕਿ ਸਬੰਧ ਬਣ ਜਾਣ ਉਪਰੰਤ ਵੀ ਉਸ ਦੇ ਅੰਦਰ ਵੀ ਨਿੱਜੀ ਟੀਚੇ ਹੁੰਦੇ ਹਨ। ਦਵਿੰਦਰ ਸਿੰਘ ਦਾ ਲਿਖਿਆ ਨਾਟਕ ‘ਦਿਲ ਦਾ ਮਾਮਲਾ’ ਇਕ ਨਵੇਂ ਕੋਣ ਦੀ ਪੇਸ਼ਕਾਰੀ ਸੀ। ਡਾਕਟਰ ਦੇ ਕਲੀਨਕ ’ਤੇ ਪੰਜਾਬ ਦੇ ਵੱਡੇ ਲੀਡਰਾਂ ਦੇ ਦਿਲ ਰੱਖੇ ਗਏ ਅਤੇ ਕਿਵੇਂ ਮਰੀਜ਼ ਉਨ੍ਹਾਂ ਨੂੰ ਨਾਕਬੂਲ ਕਰਦੇ ਹਨ, ਬਹੁਤ ਹੀ ਕਮਾਲ ਦੇ ਵਿਅੰਗ ਸਨ। ਗੁਰਵੀਰ ਸਿੰਘ ਗਰੇਵਾਲ ਦਾ ਨਾਟਕ ‘ਸੱਥ’ ਕੈਨੇਡਾ ਵਿਚ ਪ੍ਰੇਸ਼ਾਨ ਜ਼ਿੰਦਗੀ ਜੀਅ ਰਹੇ ਸੀਨੀਅਰ ਪੰਜਾਬੀਆਂ ਦੀ ਹੂਬਹੂ ਕਹਾਣੀ ਸੀ, ਜਿਸ ਨੂੰ ਦਰਸ਼ਕਾਂ ਨੇ ਸਲਾਹਿਆ।

ਆਖਰੀ ਨਾਟਕ ਅਨੁਭਾਜਾਨ ਦਾ ਅੰਗਰੇਜ਼ੀ ਪੰਜਾਬੀ ਦੀ ਸ਼ਬਦਾਵਲੀ ਵਾਲਾ ਨਾਟਕ ‘ਡੂ ਯੂ ਹੈਵ ਮਿੰਟ’ ਸੀ। ਸ਼ਬੀਨਾ ਸਿੰਘ ਨੇ ਦਰਸ਼ਕਾਂ ਤੇ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਾਟਕ ਦੀ ਪ੍ਰਮੋਸ਼ਨ ਹੀ ਉਨ੍ਹਾਂ ਦੀ ਜ਼ਿੰਦਗੀ ਹੈ। ਇਸ ਮੌਕੇ ਨਾਟਕਕਾਰ ਗੁਰਚਰਨ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੰਦੀਪ ਚਹਿਲ, ਨਵਰੀਤ ਸਿੰਘ, ਦਿਵਤੇਜ ਸਿੰਘ, ਚੰਚਲ ਸਿੰਘ, ਮਨਪ੍ਰੀਤ ਸਿੰਘ ਬਾਠ ਆਦਿ ਮੌਜੂਦ ਸਨ।

Add a Comment

Your email address will not be published. Required fields are marked *