ਕੁੱਕੜਾਂ ਦੀ ਲੜਾਈ ਲਈ ਲੱਖਾਂ ਦੀ ਸ਼ਰਤ ਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼

ਗੁਰਦਾਸਪੁਰ : ਸੀ. ਆਈ. ਏ. ਸਟਾਫ਼ ਗੁਰਦਾਸਪੁਰ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ, ਜੋ ਕੁੱਕੜਾਂ ਦੀ ਲੜਾਈ ਦੇ ਨਾਂ ’ਤੇ ਪ੍ਰਤੀ ਲੜਾਈ 2 ਤੋਂ 5 ਲੱਖ ਰੁਪਏ ਲਾਉਂਦਾ ਸੀ। ਮੁਲਜ਼ਮ ਇਸ ਇਨਾਮੀ ਰਾਸ਼ੀ ਦਾ 10 ਫ਼ੀਸਦੀ ਪੁਲਸ ਦੇ ਨਾਂ ’ਤੇ ਕੱਢਵਾ ਕੇ ਠੱਗੀ ਮਾਰਦੇ ਸਨ। ਇਸ ਸਬੰਧੀ ਸੀ. ਆਈ. ਏ. ਸਟਾਫ਼ ਗੁਰਦਾਸਪੁਰ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਸਾਡੀ ਇਕ ਪਾਰਟੀ ਸਿੰਧਵਾਂ ਮੋੜ ’ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਕਿਸੇ ਮੁਖਬਰ ਨੇ ਪੁਲਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਪਿੰਡ ਅਲਾਵਲਪੁਰ ’ਚ ਕੁੱਝ ਦੋਸ਼ੀ ਕੁੱਕੜਾਂ ਦੀ ਲੜਾਈ ’ਚ ਸ਼ਾਮਲ ਹਨ। ਉੱਥੇ ਸ਼ਰਤਾਂ ਲਾ ਕੇ ਕਰਵਾਈ ਜਾ ਰਹੀ ਲੜਾਈ ’ਚ 20-25 ਲੋਕ ਆਪਣੇ-ਆਪਣੇ ਮੁਰਗੇ ਲੈ ਕੇ ਆਏ ਹਨ।

ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਲਾਵਲਪੁਰ ਦੇ ਇੱਟਾਂ ਦੇ ਭੱਠੇ ਨੇੜੇ ਦੱਸੀ ਜਗ੍ਹਾ ’ਤੇ ਛਾਪਾ ਮਾਰਿਆ, ਜਿੱਥੇ ਕੁੱਕੜਾਂ ਦੀ ਲੜਾਈ ਦਾ ਕੰਮ ਚੱਲ ਰਿਹਾ ਸੀ ਪਰ ਮੁਲਜ਼ਮ 20 ਤੋਂ ਵੱਧ ਮੁਰਗਿਆਂ ਨੂੰ ਮੌਕੇ ’ਤੇ ਹੀ ਛੱਡ ਕੇ ਭੱਜਣ ’ਚ ਕਾਮਯਾਬ ਹੋ ਗਏ, ਜਿਨ੍ਹਾਂ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਇਸ ਸਬੰਧੀ ਥਾਣਾ ਤਿੱਬੜ ਵਿਚ ਮੁੱਖ ਮੁਲਜ਼ਮ ਕਾਕਾ ਵਾਸੀ ਪਿੰਡ ਲੇਹਲ ਤੇ ਪਵਨਪ੍ਰੀਤ ਸਿੰਘ ਉਰਫ਼ ਟੀਟੂ ਵਾਸੀ ਪਿੰਡ ਬੌਲੀ, ਇੰਦਰਜੀਤ ਸਿੰਘ ਸਮੇਤ 20 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਗੈਂਬਲਿੰਗ ਐਕਟ ਸਮੇਤ ਪੰਛੀਆਂ ’ਤੇ ਅੱਤਿਆਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

Add a Comment

Your email address will not be published. Required fields are marked *