ਚੀਨ ਤੇ ਪਾਕਿਸਤਾਨ ਦੀ ਬੋਲੀ ਬੋਲ ਰਹੇ ਰਾਹੁਲ: ਨੱਢਾ

ਭਾਰਤੀ ਜਨਤਾ ਪਾਰਟੀ ਨੇ ਅਰੁਣਾਚਲ ਪ੍ਰਦੇਸ਼ ’ਚ ਚੀਨੀ ਫੌਜੀਆਂ ਵੱਲੋਂ ਭਾਰਤੀ ਜਵਾਨਾਂ ਦੀ ਕੁੱਟਮਾਰ ਕਰਨ ਸਬੰਧੀ ਟਿੱਪਣੀ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਅੱਜ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਕਾਂਗਰਸ ਨੂੰ ਰਾਹੁਲ ਨੂੰ ਤੁਰੰਤ ਪਾਰਟੀ ’ਚੋਂ ਕੱਢਣਾ ਚਾਹੀਦਾ ਹੈ। ਦੂਜੇ ਪਾਸੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਰਾਹੁਲ ’ਤੇ ਚੀਨ ਤੇ ਪਾਕਿਸਤਾਨ ਦੀ ਭਾਸ਼ਾ ਬੋਲਣ ਦਾ ਦੋਸ਼ ਲਾਇਆ।

ਨੱਢਾ ਨੇ ਰਾਹੁਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘ਇਹ ਉਨ੍ਹਾਂ (ਰਾਹੁਲ) ਦੀ ਦੇਸ਼ ਭਗਤੀ ’ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ। ਉਨ੍ਹਾਂ ਸਰਜੀਕਲ ਸਟ੍ਰਾਈਕ ਤੇ ਬਾਲਾਕੋਟ ਹਵਾਈ ਹਮਲੇ ’ਤੇ ਵੀ ਸਵਾਲ ਚੁੱਕੇ ਸਨ। ਇਹ ਉਨ੍ਹਾਂ ਦੇ ਮਾਨਸਿਕ ਦੀਵਾਲੀਆਪਣ ਦੀ ਨਿਸ਼ਾਨੀ ਹੈ।’ ਨੱਢਾ ਨੇ ਕਿਹਾ ਕਿ ਗਾਂਧੀ ਦੇ ਬਿਆਨ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਸੱਤਾ ’ਚ ਸੀ ਤਾਂ ਉਸ ਨੇ ਚੀਨੀ ਕਮਿਊਨਿਸਟ ਪਾਰਟੀ ਨਾਲ ਸਮਝੌਤਾ ਕੀਤਾ ਸੀ ਤੇ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨੀ ਦੂਤਾਵਾਸ ਤੋਂ ਫੰਡ ਵੀ ਮਿਲਿਆ ਸੀ। ਉਨ੍ਹਾਂ ਕਿਹਾ, ‘ਸ਼ਾਇਦ ਇਹੀ ਵਜ੍ਹਾ ਹੈ ਕਿ ਰਾਹੁਲ ਗਾਂਧੀ ਚੀਨ ਤੇ ਪਾਕਿਸਤਾਨ ਦੀ ਭਾਸ਼ਾ ਬੋਲਦੇ ਹਨ।’

ਭਾਜਪਾ ਦੇ ਤਰਜਮਾਨ ਗੌਰਵ ਭਾਟੀਆ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਜੇਕਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਰਿਮੋਟ ਨਾਲ ਨਹੀਂ ਚਲਾਏ ਜਾ ਰਹੇ ਤੇ ਜੇਕਰ ਵਿਰੋਧੀ ਧਿਰ ਦੇਸ਼ ਨਾਲ ਖੜ੍ਹੀ ਹੈ ਤਾਂ ਰਾਹੁਲ ਨੂੰ ਉਨ੍ਹਾਂ ਦੀਆਂ ਟਿੱਪਣੀਆਂ ਕਾਰਨ ਪਾਰਟੀ ’ਚੋਂ ਕੱਢਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਭਾਰਤ ਦਾ ਅਪਮਾਨ ਕੀਤਾ ਹੈ ਤੇ ਹਥਿਆਰਬੰਦ ਬਲਾਂ ਦਾ ਹੌਸਲਾ ਤੋੜਿਆ ਹੈ। ਉਨ੍ਹਾਂ ਰਾਹੁਲ ਦਾ ਮੁਕਾਬਲਾ ਕਨੌਜ ਦੇ ਰਾਜਾ ਜੈਚੰਦ ਨਾਲ ਕੀਤਾ ਜਿਸ ਨੂੰ ਕੁਝ ਇਤਿਹਾਸਕ ਬਿਰਤਾਂਤਾਂ ’ਚ ਭਾਰਤ ਨਾਲ ਗੱਦਾਰੀ ਕਰਨ ਵਾਲਾ ਵਿਅਕਤੀ ਦੱਸਿਆ ਗਿਆ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਉਹ ਰਾਹੁਲ ਦੇ ਬਿਆਨ ਤੋਂ ਹੈਰਾਨ ਨਹੀਂ ਹਨ ਕਿਉਂਕਿ ਜਦੋਂ ਭਾਰਤ ਨੇ ਸਰਜੀਕਲ ਸਟ੍ਰਾਈਕ ਕੀਤੀ ਸੀ ਉਦੋਂ ਵੀ ਰਾਹੁਲ ਨੇ ਸਵਾਲ ਕੀਤੇ ਸਨ। ਲਗਦਾ ਹੈ ਕਿ ਉਨ੍ਹਾਂ ਅਤੇ ਕਾਂਗਰਸ ਨੂੰ ਭਾਰਤੀ ਸੈਨਾ ’ਤੇ ਭਰੋਸਾ ਨਹੀਂ ਹੈ। ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਰਾਹੁਲ ਗਾਂਧੀ ਨਾ ਸਿਰਫ਼ ਭਾਰਤੀ ਸੈਨਾ ਦਾ ਅਪਮਾਨ ਕਰ ਰਹੇ ਹਨ ਬਲਕਿ ਦੇਸ਼ ਦੇ ਅਕਸ ਨੂੰ ਵੀ ਢਾਹ ਲਾ ਰਹੇ ਹਨ। ਉਨ੍ਹਾਂ ਟਵੀਟ ਕੀਤਾ, ‘ਰਾਹੁਲ ਨਾ ਸਿਰਫ਼ ਕਾਂਗਰਸ ਪਾਰਟੀ ਲਈ ਸਮੱਸਿਆ ਹਨ ਬਲਕਿ ਦੇਸ਼ ਲਈ ਸ਼ਰਮਿੰਦਗੀ ਦਾ ਕਾਰਨ ਵੀ ਬਣ ਗਏ ਹਨ।’

Add a Comment

Your email address will not be published. Required fields are marked *