ਦਰਿਆਈ ਘੋੜੇ ਦੇ ਮੂੰਹ ‘ਚੋਂ ਜ਼ਿੰਦਾ ਬਾਹਰ ਆਇਆ 2 ਸਾਲ ਦਾ ਮਾਸੂਮ

ਕੰਪਾਲਾ : ਅਫਰੀਕੀ ਦੇਸ਼ ਯੁਗਾਂਡਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਦਰਿਆਈ ਘੋੜੇ ਭਾਵ ਹਿੱਪੋਪੋਟੇਮਸ ਨੇ ਦੋ ਸਾਲ ਦੇ ਬੱਚੇ ਨੂੰ ਜ਼ਿੰਦਾ ਨਿਗਲ ਲਿਆ। ਬਾਅਦ ਵਿਚ ਹਿੱਪੋ ਨੇ ਬੱਚੇ ਨੂੰ ਆਪਣੇ ਮੂੰਹ ਵਿੱਚੋਂ ਬਾਹਰ ਸੁੱਟ ਦਿੱਤਾ। ਸਭ ਤੋਂ ਹੈਰਾਨੀਜਨਕ ਗੱਲ ਇਹ ਸੀ ਕਿ ਬੱਚਾ ਹਿੱਪੋ ਦੇ ਮੂੰਹ ਵਿੱਚ ਜਾਣ ਦੇ ਬਾਵਜੂਦ ਸੁਰੱਖਿਅਤ ਵਾਪਸ ਪਰਤਿਆ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਬੱਚਾ ਝੀਲ ਦੇ ਕੰਢੇ ਖੇਡ ਰਿਹਾ ਸੀ। 

ਦਿ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਦੋ ਸਾਲ ਦਾ ਪਾਲ ਇਗਾ ਯੁਗਾਂਡਾ ਵਿੱਚ ਐਡਵਰਡ ਝੀਲ ਦੇ ਕੰਢੇ ਖੇਡ ਰਿਹਾ ਸੀ।ਫਿਰ ਅਚਾਨਕ ਪਾਣੀ ਵਿੱਚੋਂ ਇੱਕ ਹਿੱਪੋ ਨਿਕਲਿਆ ਅਤੇ ਬੱਚੇ ਨੂੰ ਆਪਣੇ ਮੂੰਹ ਵਿੱਚ ਦਬੋਚ ਲਿਆ। ਹਿੱਪੋ ਨੇ ਖਤਰਨਾਕ ਢੰਗ ਨਾਲ ਬੱਚੇ ਨੂੰ ਆਪਣੇ ਮੂੰਹ ਵਿੱਚ ਭਰ ਲਿਆ ਸੀ। ਖੁਸ਼ਕਿਸਮਤੀ ਨਾਲ ਇੱਕ ਸਥਾਨਕ ਨਾਗਰਿਕ ਕ੍ਰਿਸਪਾਸ ਬਾਗੋਂਜ਼ਾ ਘਟਨਾ ਦੇ ਸਮੇਂ ਉੱਥੇ ਮੌਜੂਦ ਸੀ। ਇਹ ਘਟਨਾ ਦੇਖ ਕੇ ਪਹਿਲਾਂ ਤਾਂ ਉਹ ਘਬਰਾ ਗਿਆ। ਪਰ ਫਿਰ ਉਹ ਬੱਚੇ ਦੀ ਮਦਦ ਲਈ ਅੱਗੇ ਵਧਿਆ। ਉਸ ਨੇ ਹਿੱਪੋ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਹਿੱਪੋ ਵੀ ਪੱਥਰਾਂ ਦੀ ਵਰਖਾ ਤੋਂ ਪ੍ਰੇਸ਼ਾਨ ਹੋ ਗਿਆ ਅਤੇ ਪਾਣੀ ਵੱਲ ਮੁੜਨ ਤੋਂ ਉਸ ਨੇ ਅੱਧੇ ਨਿਗਲੇ ਬੱਚੇ ਨੂੰ ਬਾਹਰ ਸੁੱਟ ਦਿੱਤਾ। 

ਬੱਚਾ ਹੋਇਆ ਜ਼ਖਮੀ

ਦੋ ਸਾਲ ਦਾ ਪਾਲ ਭਾਵੇਂ ਬਚ ਗਿਆ ਸੀ, ਪਰ ਹਿੱਪੋ ਦੀ ਪਕੜ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਕਲੀਨਿਕ ਲਿਜਾਇਆ ਗਿਆ, ਜਿੱਥੋਂ ਉਸ ਨੂੰ ਨੇੜਲੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬਾਅਦ ਵਿੱਚ ਉਸ ਨੂੰ ਰੇਬੀਜ਼ ਦਾ ਟੀਕਾ ਲਗਾ ਕੇ ਘਰ ਭੇਜ ਦਿੱਤਾ ਗਿਆ। ਯੁਗਾਂਡਾ ਪੁਲਸ ਨੇ ਇਕ ਬਿਆਨ ‘ਚ ਕਿਹਾ ਕਿ ‘ਇਹ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ਹੈ, ਜਿੱਥੇ ਐਡਵਰਡ ਝੀਲ ਦੇ ਕੰਢੇ ‘ਤੇ ਇਕ ਹਿੱਪੋ ਨੇ ਬੱਚੇ ਨੂੰ ਨਿਗਲ ਲਿਆ। ਕ੍ਰਿਸਪਾਸ ਬੈਗੋਂਜ਼ਾ ਦੀ ਬਹਾਦਰੀ ਕਾਰਨ ਬੱਚੇ ਦੀ ਜਾਨ ਬਚ ਸਕੀ।

ਜਾਣੋ ਹਿੱਪੋ ਦੀ ਵਿਸ਼ੇਸ਼ਤਾ 

ਡਿਸਕਵਰ ਵਾਈਲਡਲਾਈਫ ਦੀ ਇੱਕ ਰਿਪੋਰਟ ਦੇ ਅਨੁਸਾਰ ਹਿੱਪੋਪੋਟੇਮਸ ਹਾਥੀ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਜ਼ਮੀਨੀ ਜਾਨਵਰ ਹੈ। ਨਰ ਹਿੱਪੋਜ਼ 1,600–3,200 ਕਿਲੋਗ੍ਰਾਮ ਅਤੇ ਮਾਦਾ ਹਿੱਪੋਜ਼ 650–2,350 ਕਿਲੋਗ੍ਰਾਮ ਤੱਕ ਹੁੰਦੇ ਹਨ। ਹਿੱਪੋ ਹਰ ਰੋਜ਼ ਭੋਜਨ ਵਿੱਚ ਆਪਣੇ ਸਰੀਰ ਦੇ ਭਾਰ ਦਾ 1 ਜਾਂ 1.5 ਪ੍ਰਤੀਸ਼ਤ ਖਾਂਦੇ ਹਨ। ਹਿੱਪੋਜ਼ ਪਾਣੀ ਵਿੱਚ ਤੈਰ ਨਹੀਂ ਸਕਦੇ, ਪਰ ਉਹ ਤਲ ਦੇ ਨੇੜੇ ਪਾਣੀ ਵਿੱਚ ਰਹਿੰਦੇ ਹਨ। ਜੇਕਰ ਇਹ ਗੁੱਸੇ ਵਿੱਚ ਆ ਜਾਵੇ ਤਾਂ ਇਹ ਖਤਰਨਾਕ ਜਾਨਵਰ ਬਣ ਜਾਂਦਾ ਹੈ।

Add a Comment

Your email address will not be published. Required fields are marked *