ਪੰਜਾਬ ‘ਚ ਮੰਡਰਾ ਰਿਹੈ ਅੱਤਵਾਦੀ ਹਮਲੇ ਦਾ ਖ਼ਤਰਾ, ਥਾਣਿਆਂ ਲਈ ਜਾਰੀ ਹੋਏ ਇਹ ਹੁਕਮ

ਲੁਧਿਆਣਾ : ਤਰਨਤਾਰਨ ਦੇ ਥਾਣੇ ’ਚ ਹੋਏ ਹਮਲੇ ਤੋਂ ਬਾਅਦ ਲੱਗ ਰਿਹਾ ਸੀ ਕਿ ਖ਼ਤਰਾ ਟਲ ਗਿਆ ਹੈ ਪਰ ਅਜੇ ਪੰਜਾਬ ’ਚ ਖ਼ਤਰਾ ਮੰਡਰਾ ਰਿਹਾ ਹੈ। ਖ਼ੁਫ਼ੀਆ ਏਜੰਸੀਆਂ ਨੇ ਫਿਰ ਅਲਰਟ ਰਹਿਣ ਦੇ ਇਨਪੁੱਟਸ ਦਿੱਤੇ ਹਨ। ਸੂਤਰਾਂ ਦੀ ਮੰਨੀਏ ਤਾਂ ਸਭ ਤੋਂ ਵੱਧ ਖ਼ਤਰਾ ਹਾਈਵੇ ਤੇ ਸਥਿਤ ਥਾਣਿਆਂ ’ਤੇ ਮੰਡਰਾ ਰਿਹਾ ਹੈ, ਜਿਸ ਕਾਰਨ ਕਮਿਸ਼ਨਰੇਟ ਪੁਲਸ ਦੀ ਟੈਨਸ਼ਨ ਵਧੀ ਹੋਈ ਹੈ। ਇਸ ਲਈ ਉੱਚ ਅਧਿਕਾਰੀਆਂ ਨੇ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਨ ਦੇ ਨਾਲ ਹੀ ਥਾਣਿਆਂ ਦੇ ਚਾਰੇ ਪਾਸੇ ਕੰਡਿਆਲੀਆਂ ਤਾਰਾਂ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਥਾਣੇ ਦੇ ਬਾਹਰੋਂ ਲੈ ਕੇ 100 ਮੀਟਰ ਦੇ ਘੇਰੇ ਦਾ ਏਰੀਆ ਕਵਰ ਕਰਨ ਲਈ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਉਣ ਲਈ ਕਿਹਾ ਗਿਆ ਹੈ।

ਪੁਲਸ ਤਿਆਰੀ ’ਚ ਲੱਗੀ ਹੋਈ ਹੈ ਤਾਂ ਕਿ ਸੁਰੱਖਿਆ ਪੁਖ਼ਤਾ ਰਹੇ। ਅਸਲ ’ਚ ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ ਸੀ ਕਿ ਪੰਜਾਬ ’ਚ ਕੋਈ ਅੱਤਵਾਦੀ ਹਮਲਾ ਹੋ ਸਕਦਾ ਹੈ। ਹਾਲਾਂਕਿ ਪੁਲਸ ਅਲਰਟ ’ਤੇ ਚੱਲ ਰਹੀ ਸੀ। ਬਾਵਜੂਦ ਇਸ ਦੇ ਤਰਨਤਾਰਨ ਦੇ ਥਾਣੇ ’ਚ ਰਾਕੇਟ ਲਾਂਚਰ ਨਾਲ ਹਮਲਾ ਹੋ ਗਿਆ ਸੀ ਪਰ ਇਸ ਹਮਲੇ ‘ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਬਾਅਦ ਅਜਿਹਾ ਲੱਗਾ ਕਿ ਸ਼ਾਇਦ ਹੁਣ ਖ਼ਤਰਾ ਟਲ ਗਿਆ ਹੈ ਪਰ ਕੁੱਝ ਦਿਨਾਂ ਬਾਅਦ ਹੁਣ ਫਿਰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ ਕਿ ਖ਼ਤਰਾ ਅਜੇ ਟਲਿਆ ਨਹੀਂ ਹੈ। ਸੂਤਰ ਦੱਸਦੇ ਹਨ ਕਿ ਇਸ ਵਾਰ ਲੁਧਿਆਣਾ ਨੂੰ ਟਾਰਗੈੱਟ ਕੀਤਾ ਜਾ ਸਕਦਾ ਹੈ।

ਲੁਧਿਆਣਾ ਇਕ ਉਦਯੋਗਿਕ ਨਗਰੀ ਹੈ, ਜੋ ਮਾਨਚੈਸਟਰ ਆਫ ਇੰਡੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਥਾਣਾ ਸਾਹਨੇਵਾਲ, ਲਾਡੋਵਾਲ, ਡੇਹਲੋਂ ਅਜਿਹੇ ਥਾਣੇ ਹਨ, ਜੋ ਬਿਲਕੁਲ ਹਾਈਵੇ ’ਤੇ ਬਣੇ ਹੋਏ ਹਨ। ਉਨ੍ਹਾਂ ਦੀ ਚਿੰਤਾ ਪੁਲਸ ਨੂੰ ਜ਼ਿਆਦਾ ਹੈ ਕਿਉਂਕਿ ਇਹ ਥਾਣੇ ਆਸਾਨੀ ਨਾਲ ਟਾਰਗੈੱਟ ਕੀਤੇ ਜਾ ਸਕਦੇ ਹਨ। ਇਸ ਲਈ ਕਮਿਸ਼ਨਰੇਟ ਦੇ ਉੱਚ ਅਧਿਕਾਰੀਆਂ ਨੇ ਬੈਠਕਾਂ ਕਰ ਕੇ ਸਾਰੀ ਯੋਜਨਾ ਬਣਾਈ ਹੈ।

ਡੀ. ਸੀ. ਪੀ. (ਇਨਵੈਸਟੀਗੇਸ਼ਨ) ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਮਹਾਨਗਰ ਦੇ ਹਰ ਥਾਣੇ ਦੀ ਕੰਧ ਉੱਚੀ ਕਰਨ ਅਤੇ ਕੰਡਿਆਲੀਆਂ ਤਾਰਾਂ ਲਗਾਉਣ ਲਈ ਕਿਹਾ ਗਿਆ ਹੈ। ਨਾਲ ਹੀ ਨਾਲ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਉਣ ਲਈ ਕਿਹਾ ਗਿਆ ਹੈ। ਪੰਜਾਬ ਪੁਲਸ ਹਰ ਚੁਣੌਤੀ ਲਈ ਤਿਆਰ ਹੈ ਅਤੇ ਸਮਾਂ ਆਉਣ ’ਤੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

Add a Comment

Your email address will not be published. Required fields are marked *