ਮਰਨ ਤੋਂ ਪਹਿਲਾਂ 10 ਸਾਲਾ ਮਾਸੂਮ ਨੇ ਕੀਤਾ ਕੁਝ ਅਜਿਹਾ ਕਿ ਬਣ ਗਿਆ ‘ਹੀਰੋ’

ਲੰਡਨ -: ਕਿਸੇ ਵੀ ਵਿਅਕਤੀ ਵਿਚ ਬਹਾਦਰੀ ਦੀ ਭਾਵਨਾ ਉਸ ਦੀ ਉਮਰ ਤੋਂ ਨਹੀਂ ਆਉਂਦੀ। ਮਤਲਬ 50 ਸਾਲ ਦਾ ਵਿਅਕਤੀ ਡਰਪੋਕ ਹੋ ਸਕਦਾ ਹੈ ਜਦਕਿ 10 ਸਾਲ ਦਾ ਬੱਚਾ ਆਪਣੇ ਕਾਰਨਾਮੇ ਨਾਲ ਦੂਜਿਆਂ ਨੂੰ ਹੈਰਾਨ ਕਰ ਸਕਦਾ ਹੈ। ਇਨ੍ਹੀਂ ਦਿਨੀਂ ਇੰਗਲੈਂਡ ਦੇ ਇਕ ਬੱਚੇ ਦੀ ਬਹਾਦਰੀ ਦੀ ਕਾਫੀ ਚਰਚਾ ਹੈ ਅਤੇ ਲੋਕਾਂ ਨੇ ਉਸ ਨੂੰ ‘ਹੀਰੋ’ ਕਰਾਰ ਦਿੱਤਾ ਹੈ। ਮਰਨ ਤੋਂ ਪਹਿਲਾਂ ਬੱਚੇ ਨੇ ਅਜਿਹਾ ਕੰਮ ਕੀਤਾ, ਜੋ ਸ਼ਾਇਦ ਵੱਡਿਆਂ ਲਈ ਪ੍ਰੇਰਣਾ ਦਾ ਸਰੋਤ ਹੋ ਸਕਦਾ ਹੈ।

ਬੱਚਿਆਂ ਨੂੰ ਬਚਾਉਣ ਦੌਰਾਨ ਮਾਸੂਮ ਦੀ ਮੌਤ 

ਰਿਪੋਰਟ ਮੁਤਾਬਕ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਵਿੱਚ ਬੈਬਸ ਮਿੱਲ ਪਾਰਕ ਦੀ ਬਰਫ਼ੀਲੀ ਝੀਲ ਵਿਚ  ਡੁੱਬਣ ਕਾਰਨ ਜੈਕ ਜੌਨਸਨ ਨਾਮ ਦੇ ਇੱਕ 10 ਸਾਲਾ ਮਾਸੂਮ ਦੀ ਮੌਤ ਹੋ ਗਈ। ਪਰ ਮਰਨ ਤੋਂ ਪਹਿਲਾਂ ਜੈਕ ਨੇ ਅਜਿਹਾ ਕਰ ਦਿਖਾਇਆ ਕਿ ਇਸ ਘਟਨਾ ਨਾਲ ਜੁੜੇ ਉਸ ਦੇ ਪਰਿਵਾਰ ਦੇ ਹੋਰ ਲੋਕ ਵੀ ਉਸ ਨੂੰ ਜ਼ਿੰਦਗੀ ‘ਚ ਕਦੇ ਨਹੀਂ ਭੁੱਲ ਸਕਣਗੇ। ਜਾਣਕਾਰੀ ਮੁਤਾਬਕ 11 ਦਸੰਬਰ ਨੂੰ ਜੈਕ ਉਸੇ ਬਰਫ਼ੀਲੀ ਝੀਲ ਦੇ ਕੋਲ ਸੀ ਜਿੱਥੇ ਕੁਝ ਹੋਰ ਬੱਚੇ ਵੀ ਮੌਜੂਦ ਸਨ। 

ਬੱਚਿਆਂ ਨੂੰ ਬਚਾਉਣ ਲਈ ਪਾਣੀ ‘ਚ ਮਾਰੀ ਛਾਲ

ਅਚਾਨਕ ਜੈਕ ਨੇ ਕੁਝ ਬੱਚਿਆਂ ਦੇ ਚੀਕਣ ਦੀ ਆਵਾਜ਼ ਸੁਣੀ।ਜੈਕ ਦੌੜ ਕੇ ਉੱਥੇ ਪਹੁੰਚਿਆ ਤਾਂ ਦੇਖਿਆ ਕਿ 3 ਬੱਚੇ ਪਾਣੀ ‘ਚ ਡੁੱਬ ਰਹੇ ਸਨ। ਇਨ੍ਹਾਂ ਬੱਚਿਆਂ ਦੀ ਉਮਰ 6, 8 ਅਤੇ 11 ਸਾਲ ਸੀ। ਜੈਕ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਅਤੇ ਸਿੱਧਾ ਪਾਣੀ ਵਿੱਚ ਛਾਲ ਮਾਰ ਦਿੱਤੀ। ਬੱਚਿਆਂ ਨੂੰ ਬਚਾਉਂਦੇ ਹੋਏ ਉਸ ਦੀ ਆਪਣੀ ਜਾਨ ਖਤਰੇ ‘ਚ ਆ ਗਈ ਅਤੇ ਅਖੀਰ ਵਿਚ ਜੈਕ ਸਮੇਤ 11 ਸਾਲ ਅਤੇ 8 ਸਾਲ ਦੇ ਬੱਚਿਆਂ ਦੀ ਮੌਤ ਹੋ ਗਈ। 6 ਸਾਲਾ ਬੱਚੇ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਦੀ ਜਾਨ ਨੂੰ ਵੀ ਖਤਰਾ ਹੈ।

ਜਦੋਂ ਤੋਂ ਲੋਕਾਂ ਨੂੰ ਪਤਾ ਲੱਗਾ ਕਿ ਜੈਕ ਨੇ ਬੱਚਿਆਂ ਦੀ ਜਾਨ ਬਚਾਉਣ ਲਈ ਪਾਣੀ ‘ਚ ਛਾਲ ਮਾਰ ਦਿੱਤੀ ਸੀ, ਤਾਂ ਹਰ ਕਿਸੇ ਨੇ ਉਸ ਨੂੰ ‘ਹੀਰੋ’ ਦੱਸਿਆ। ਹੁਣ ਸੋਸ਼ਲ ਮੀਡੀਆ ਤੋਂ ਲੈ ਕੇ ਪੂਰੇ ਸ਼ਹਿਰ ‘ਚ ਉਸ ਦੀ ਤਾਰੀਫ ਹੋ ਰਹੀ ਹੈ। ਜੈਕ ਸਮੇਤ ਮ੍ਰਿਤਕ ਬੱਚਿਆਂ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਮੌਕੇ ‘ਤੇ ਪਹੁੰਚ ਰਹੇ ਹਨ। ਜੈਕ ਦੀ ਮਾਸੀ ਨੇ ਸੋਸ਼ਲ ਮੀਡੀਆ ‘ਤੇ ਉਸ ਬਾਰੇ ਲਿਖਿਆ ਅਤੇ ਕਿਹਾ ਕਿ ਜੈਕ ਨੇ ਬੱਚਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਇਸ ਤੋਂ ਪਤਾ ਲੱਗਦਾ ਹੈ ਕਿ ਉਹ ਅਸਲ ਵਿੱਚ ਕਿਹੋ ਜਿਹਾ ਸੀ।

Add a Comment

Your email address will not be published. Required fields are marked *