ਭਾਰਤ ਦੇ ਚੋਟੀ ਦੇ 25 ਫ਼ਿਲਮ ਨਿਰਦੇਸ਼ਕਾਂ ਦੀ ਸੂਚੀ ’ਚ ਸਿਮਰਜੀਤ ਸਿੰਘ ਨੇ ਬਣਾਈ ਜਗ੍ਹਾ

ਚੰਡੀਗੜ੍ਹ – ਭਾਰਤੀ ਫ਼ਿਲਮ ਇੰਡਸਟਰੀ ਵਿਭਿੰਨਤਾ ਦੀ ਸੱਚੀ ਉਦਾਹਰਣ ਹੈ, ਜਿਥੇ ਵੱਖ-ਵੱਖ ਭਾਸ਼ਾਵਾਂ ’ਚ ਵੱਖ-ਵੱਖ ਕਿਸਮ ਦੇ ਸੱਭਿਆਚਾਰ ਦੇਖੇ ਜਾ ਸਕਦੇ ਹਨ। ਨਿਰਦੇਸ਼ਕਾਂ ਵਲੋਂ ਕੀਤੇ ਗਏ ਯਤਨਾਂ ਨੂੰ ਸਵੀਕਾਰ ਕਰਨ ਲਈ ਆਈ. ਐੱਮ. ਡੀ. ਬੀ. ਨੇ ਹਾਲ ਹੀ ’ਚ ਪੋਰਟਲ ’ਤੇ ਉਪਲੱਬਧ ਭਾਰਤੀ ਫ਼ਿਲਮ ਰੇਟਿੰਗ ਦੇ ਆਧਾਰ ’ਤੇ ਚੋਟੀ ਦੇ 25 ਫ਼ਿਲਮ ਨਿਰਦੇਸ਼ਕਾਂ ਦੀ ਸੂਚੀ ਜਾਰੀ ਕੀਤੀ ਹੈ।

ਸੂਚੀ ਦੀ ਖ਼ਾਸੀਅਤ ਇਹ ਹੈ ਕਿ ਇਸ ’ਚ ਵੱਖ-ਵੱਖ ਭਾਸ਼ਾਵਾਂ ਨਾਲ ਸਬੰਧਤ ਨਿਰਦੇਸ਼ਕ ਹਨ, ਇਹ ਸਿਰਫ਼ ਇਕ ਭਾਸ਼ਾ ਦੀਆਂ ਫ਼ਿਲਮਾਂ ਨੂੰ ਹੀ ਉਜਾਗਰ ਨਹੀਂ ਕਰਦਾ। ਇਸ ’ਚ ਰਾਜ ਕੁਮਾਰ ਹਿਰਾਨੀ, ਜੀਤੂ ਜੋਸੇਫ, ਨਿਤੇਸ਼ ਤਿਵਾਰੀ, ਸੁਕੁਮਾਰ, ਐੱਸ. ਐੱਸ. ਰਾਜਾਮੌਲੀ ਤੇ ਪ੍ਰਿਯਦਰਸ਼ਨ ਸ਼ਾਮਲ ਹਨ।

ਮਾਣ ਕਰਨ ਵਾਲੀ ਗੱਲ ਇਹ ਹੈ ਕਿ ਇਸ ਸੂਚੀ ’ਚ ਸਾਡੇ ਪੰਜਾਬੀ ਫ਼ਿਲਮ ਨਿਰਦੇਸ਼ਕ ਸਿਮਰਜੀਤ ਸਿੰਘ ਦਾ ਨਾਂ ਵੀ ਸ਼ਾਮਲ ਹੈ, ਜੋ ਕਈ ਹਿੱਟ ਪੰਜਾਬੀ ਫ਼ਿਲਮਾਂ ਜਿਵੇਂ ‘ਅੰਗਰੇਜ਼’ (2015) ਤੇ ‘ਨਿੱਕਾ ਜ਼ੈਲਦਾਰ’ (2017) ਆਦਿ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ। ਜੇਕਰ ਵਿਸ਼ਵਵਿਆਪੀ ਰੈਂਕਿੰਗ ਦੀ ਗੱਲ ਕਰੀਏ ਤਾਂ ਇਹ 86ਵੇਂ ਸਥਾਨ ’ਤੇ ਹੈ ਤੇ ਆਈ. ਐੱਮ. ਡੀ. ਬੀ. ਰੇਟਿੰਗ ਅਨੁਸਾਰ ਸਿਮਰਜੀਤ ਸਿੰਘ 859 ਰੇਟਿੰਗ ਅੰਕਾਂ ਨਾਲ 15ਵੇਂ ਸਥਾਨ ’ਤੇ ਹਨ।

ਪੰਜਾਬੀ ਫ਼ਿਲਮ ਇੰਡਸਟਰੀ ’ਚ ਸਿਮਰਜੀਤ ਸਿੰਘ ਵਲੋਂ ਹਰ ਕੋਈ ਫ਼ਿਲਮਾਂ ਰਾਹੀਂ ਕੀਤੇ ਗਏ ਕੰਮ ’ਤੇ ਮਾਣ ਮਹਿਸੂਸ ਕਰ ਰਿਹਾ ਹੈ। ਜਿਸ ਨਾਲ ਅਸੀਂ ਸਮੁੱਚੇ ਭਾਈਚਾਰੇ ’ਚ ਖ਼ੁਸ਼ੀ ਮਹਿਸੂਸ ਕਰ ਸਕਦੇ ਹਾਂ ਕਿ ਪੰਜਾਬੀ ਨਿਰਦੇਸ਼ਕ ਤੇ ਪੰਜਾਬੀ ਫ਼ਿਲਮਾਂ ਨੂੰ ਆਈ. ਐੱਮ. ਡੀ. ਬੀ. ਰੇਟਿੰਗ ਹੇਠ ਸੂਚੀਬੱਧ ਕੀਤਾ ਗਿਆ ਹੈ, ਜੋ ਅਸਲ ’ਚ ਇਕ ਵੱਡੀ ਸਫਲਤਾ ਹੈ। ਅਸੀਂ ਸਿਮਰਜੀਤ ਸਿੰਘ ਨੂੰ ਇਸ ਸ਼ਾਨਦਾਰ ਸਫਲਤਾ ਲਈ ਦਿਲੋਂ ਵਧਾਈ ਦਿੰਦੇ ਹਾਂ।

Add a Comment

Your email address will not be published. Required fields are marked *