ਦਿੱਲੀ-ਜੈਪੁਰ ਹਾਈਵੇਅ ’ਤੇ ਬੇਖ਼ੌਫ ਬਦਮਾਸ਼ਾਂ ਨੇ ਅੱਧੇ ਘੰਟੇ ’ਚ ਲੁੱਟੇ 4 ਪੈਟਰੋਲ ਪੰਪ, CCTV ’ਚ ਕੈਦ ਹੋਈ ਵਾਰਦਾਤ

ਰੇਵਾੜੀ– ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ’ਚ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। 4 ਬਦਮਾਸ਼ਾਂ ਨੇ ਇਕ ਤੋਂ ਬਾਅਦ ਇਕ ਲਗਾਤਾਰ 4 ਪੈਟਰੋਲ ਪੰਪਾਂ ’ਤੇ ਲੁੱਟ-ਖੋਹ ਕੀਤੀ। ਦਿੱਲੀ-ਜੈਪੁਰ ਹਾਈਵੇਅ ’ਤੇ ਹਥਿਆਰਬੰਦ ਬਦਮਾਸ਼ਾਂ ਨੇ ਫਿਲਮੀ ਸਟਾਈਲ ਵਿਚ ਇਕੱਠੇ 4 ਪੈਟਰੋਲ ਪੰਪਾਂ ’ਤੇ ਲੁੱਟ ਕੀਤੀ ਅਤੇ 1.22 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਅੱਧੇ ਘੰਟੇ ਦੌਰਾਨ ਕੀਤੀ ਗਈ ਲੁੱਟ ਵਿਚ ਬਦਮਾਸ਼ਾਂ ਨੇ ਫਾਇਰਿੰਗ ਵੀ ਕੀਤੀ, ਜਿਸ ਵਿਚ ਇਕ ਸੇਲਜ਼ਮੈਨ ਜ਼ਖਮੀ ਹੋ ਗਿਆ। ਵਾਰਦਾਤਾਂ ਪੰਪਾਂ ’ਤੇ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈਆਂ। ਇਨ੍ਹਾਂ ਚਾਰੋਂ ਨੂੰ ਫੜਨ ਲਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ। FIR ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਦਿੱਲੀ-ਜੈਪੁਰ ਹਾਈਵੇ ਸਥਿਤ ਪਿੰਡ ਨਿਖਰੀ ਨੇੜੇ ਸ਼ਿਵ ਪੈਟਰੋਲ ਪੰਪ ’ਤੇ ਕਾਰ ਸਵਾਰ ਹਥਿਆਰਬੰਦ ਬਦਮਾਸ਼ ਪੁੱਜੇ ਅਤੇ ਸੇਲਜ਼ਮੈਨ ਹਰੀਸ਼ ਨੂੰ ਕੈਸ਼ ਹਵਾਲੇ ਕਰਨ ਲਈ ਕਿਹਾ। ਉਸ ਨੇ ਜਦੋਂ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ 2 ਰਾਊਂਡ ਫਾਇਰ ਕੀਤੇ, ਜਿਸ ਵਿਚ ਉਹ ਛੱਰੇ ਲੱਗਣ ਨਾਲ ਜ਼ਖਮੀ ਹੋ ਗਿਆ। ਪੰਪ ਮਾਲਕ ਰਾਜਿੰਦਰ ਕੁਮਾਰ ਨੇ ਕਿਹਾ ਕਿ ਬਦਮਾਸ਼ 40 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਇਸ ਤੋਂ ਬਾਅਦ ਬੇਖੌਫ ਬਦਮਾਸ਼ਾਂ ਨੇ ਕੁਝ ਹੀ ਦੂਰ ਸਥਿਤ ਸ਼ਹੀਦ ਬਿਜੇਂਦਰ ਸਿੰਘ ਪੈਟਰੋਲ ਪੰਪ ’ਤੇ ਕਾਮਿਆਂ ਨੂੰ ਪਿਸਤੌਲ ਦਿਖਾ ਕੇ ਸੇਲਜ਼ਮੈਨ ਕੋਲੋਂ 22 ਹਜ਼ਾਰ ਰੁਪਏ ਲੁੱਟ ਲਏ। ਤੀਜੀ ਵਾਰਦਾਤ ਵਿਚ ਪਿੰਡ ਖਿਜੂਰੀ ਨੇੜੇ ਬਣੇ ਨਾਇਰਾ ਪੈਟਰੋਲ ਪੰਪ ’ਤੇ ਸੇਲਜ਼ਮੈਨ ਦੀਪਾਂਸ਼ੂ ਦੀ ਕਨਪਟੀ ’ਤੇ ਪਿਸਤੌਲ ਤਾਣ ਕੇ ਉਸ ਕੋਲੋਂ 11 ਹਜ਼ਾਰ ਰੁਪਏ ਲੁੱਟ ਲਏ।

ਬਦਮਾਸ਼ਾਂ ਨੇ ਚੌਥੀ ਲੁੱਟ ਮਨੋਹਰ ਆਟੋ ਫਿਊਲ ਪੈਟਰੋਲ ਪੰਪ ’ਤੇ ਕੀਤੀ। ਇਥੇ ਵੀ ਕਾਮਿਆਂ ’ਤੇ ਪਿਸਤੌਲ ਤਾਣ ਕੇ ਉਨ੍ਹਾਂ ਕੋਲੋਂ 50 ਹਜ਼ਾਰ ਰੁਪਏ ਲੁੱਟ ਲਏ ਅਤੇ ਕਾਰ ਵਿਚ ਸਵਾਰ ਹੋ ਕੇ ਜੈਪੁਰ ਵੱਲ ਫਰਾਰ ਹੋ ਗਏ। ਇਕੱਠੇ 4 ਪੈਟਰੋਲ ਪੰਪ ’ਤੇ ਲੁੱਟ ਦੀਆਂ ਵਾਰਦਾਤਾਂ ਤੋਂ ਬਾਅਦ ਧਾਰੂਹੇੜਾ, ਕਸੌਲਾ, ਬਾਵਲ ਥਾਣਾ ਪੁਲਸ ਨੇ ਦਿੱਲੀ-ਜੈਪੁਰ ਹਾਈਵੇ ’ਤੇ ਨਾਕਾਬੰਦੀ ਕਰ ਕੇ ਬਦਮਾਸ਼ਾਂ ਦੀ ਤਲਾਸ਼ ਕੀਤੀ ਪਰ ਕੋਈ ਸੁਰਾਗ ਨਹੀਂ ਲੱਗ ਸਕਿਆ। 

Add a Comment

Your email address will not be published. Required fields are marked *