ਪੀਟੀ ਊਸ਼ਾ ਭਾਰਤੀ ਓਲੰਪਿਕ ਸੰਘ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ

ਨਵੀਂ ਦਿੱਲੀ : ਮਹਾਨ ਦੌੜਾਕ ਪੀਟੀ ਊਸ਼ਾ ਨੂੰ ਸ਼ਨੀਵਾਰ ਨੂੰ ਭਾਰਤੀ ਓਲੰਪਿਕ ਸੰਘ (IOA) ਦੀ ਪਹਿਲੀ ਮਹਿਲਾ ਪ੍ਰਧਾਨ ਚੁਣਿਆ ਗਿਆ ਜਿਸ ਨਾਲ ਭਾਰਤੀ ਖੇਡ ਪ੍ਰਸ਼ਾਸਨ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੋਈ। ਏਸ਼ੀਆਈ ਖੇਡਾਂ ਵਿੱਚ ਕਈ ਤਗਮੇ ਜਿੱਤਣ ਵਾਲੀ ਅਤੇ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ 400 ਮੀਟਰ ਅੜਿੱਕਾ ਦੌੜ ਵਿੱਚ ਚੌਥੇ ਸਥਾਨ ‘ਤੇ ਰਹੀ ਊਸ਼ਾ ਨੂੰ ਚੋਣਾਂ ਤੋਂ ਬਾਅਦ ਚੋਟੀ ਦੇ ਅਹੁਦੇ ਲਈ ਬਿਨਾਂ ਕਿਸੇ ਵਿਰੋਧ ਦੇ ਚੁਣਿਆ ਗਿਆ। 

ਇਹ ਚੋਣਾਂ ਸੁਪਰੀਮ ਕੋਰਟ ਵੱਲੋਂ ਨਿਯੁਕਤ ਸੁਪਰੀਮ ਕੋਰਟ ਦੇ ਸਾਬਕਾ ਜੱਜ ਨਾਗੇਸ਼ਵਰ ਰਾਓ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ ਸਨ ।  ਊਸ਼ਾ ਦੇ ਪ੍ਰਧਾਨ ਚੁਣੇ ਜਾਣ ਨਾਲ ਆਈਓਏ ਵਿੱਚ ਧੜੇਬੰਦੀ ਦੀ ਸਿਆਸਤ ਕਾਰਨ ਪੈਦਾ ਹੋਇਆ ਸੰਕਟ ਵੀ ਖ਼ਤਮ ਹੋ ਗਿਆ ਹੈ। ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ) ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਧਮਕੀ ਦਿੱਤੀ ਸੀ ਕਿ ਜੇਕਰ ਆਈਓਏ ਨੇ ਚੋਣਾਂ ਨਹੀਂ ਕਰਵਾਈਆਂ ਤਾਂ ਉਸ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਇਹ ਚੋਣਾਂ ਦਸੰਬਰ 2021 ਵਿੱਚ ਹੋਣੀਆਂ ਸਨ। 

ਚੋਟੀ ਦੇ ਅਹੁਦੇ ਲਈ ਊਸ਼ਾ ਦੀ ਚੋਣ ਹੋਣਾ ਪਿਛਸਲੇ ਮਹੀਨੇ ਹੀ ਤੈਅ ਹੋ ਗਿਆ ਸੀ ਕਿਉਂਕਿ ਉਹ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਵਾਲੀ ਇਕਲੌਤੀ ਉਮੀਦਵਾਰ ਸੀ। ਕਿਸੇ ਨੇ ਵੀ ਊਸ਼ਾ ਦਾ ਵਿਰੋਧ ਨਹੀਂ ਕੀਤਾ। ਉਸ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਜੁਲਾਈ ਵਿੱਚ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ। ‘ਪਯੋਲੀ ਐਕਸਪ੍ਰੈਸ’ ਅਤੇ ‘ਉਡਾਨ ਪਰੀ’ ਦੇ ਨਾਂ ਨਾਲ ਮਸ਼ਹੂਰ ਊਸ਼ਾ ਨੂੰ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਸੀ।

ਉਹ ਆਈਓਏ ਦੇ 95 ਸਾਲਾਂ ਦੇ ਇਤਿਹਾਸ ਵਿੱਚ ਪ੍ਰਧਾਨ ਬਣਨ ਵਾਲੀ ਪਹਿਲੀ ਓਲੰਪੀਅਨ ਅਤੇ ਪਹਿਲੀ ਅੰਤਰਰਾਸ਼ਟਰੀ ਤਮਗਾ ਜੇਤੂ ਹੈ। ਇਸ ਨਾਲ ਉਸ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਉਪਲੱਬਧੀ ਜੁੜ ਗਈ ਹੈ। ਊਸ਼ਾ ਨੇ 2000 ਵਿੱਚ ਸੰਨਿਆਸ ਲੈਣ ਤੋਂ ਪਹਿਲਾਂ ਦੋ ਦਹਾਕਿਆਂ ਤੱਕ ਭਾਰਤੀ ਅਤੇ ਏਸ਼ੀਆਈ ਐਥਲੈਟਿਕਸ ਵਿੱਚ ਦਬਦਬਾ ਬਣਾਇਆ। ਊਸ਼ਾ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੀ ਪਹਿਲੀ ਖਿਡਾਰਨ ਹੈ। ਇਸ ਦੇ ਨਾਲ ਹੀ ਉਹ ਮਹਾਰਾਜਾ ਯਾਦਵਿੰਦਰ ਸਿੰਘ ਤੋਂ ਬਾਅਦ ਆਈਓਏ ਮੁਖੀ ਬਣਨ ਵਾਲੀ ਪਹਿਲੀ ਖਿਡਾਰਨ ਵੀ ਹੈ। ਯਾਦਵਿੰਦਰ ਸਿੰਘ ਨੇ 1934 ਵਿੱਚ ਇੱਕ ਟੈਸਟ ਮੈਚ ਖੇਡਿਆ। ਉਹ 1938 ਤੋਂ 1960 ਤੱਕ ਆਈਓਏ ਦੇ ਪ੍ਰਧਾਨ ਰਹੇ।

Add a Comment

Your email address will not be published. Required fields are marked *