ਮਾਨਸਾ: ਮੈਰਿਜ ਪੈਲੇਸ ’ਚ ਗੋਲੀ ਚਲਾਉਣ ਵਾਲਾ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਗੰਨਮੈਨ
ਮਾਨਸਾ, 11 ਦਸੰਬਰ-: ਮਾਨਸਾ ਕੈਂਚੀਆਂ ਦੇ ਨੇੜੇ ਮੈਰਿਜ ਪੈਲੇਸ ਰਾਇਲ ਗਰੀਨ ’ਚ ਵਿਆਹ ਦੌਰਾਨ ਗੋਲੀ ਚਲਾਉਣ ਵਾਲੇ ਨਵਜੋਤ ਸਿੰਘ ਦੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਗੰਨਮੈਨ ਵਜੋਂ ਪਛਾਣ ਹੋਈ ਹੈ। ਗੋਲੀ ਚੱਲਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ, ਜਿਸ ਨੂੰ ਮਗਰੋਂ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲੀਸ ਅਨੁਸਾਰ ਨਵਜੋਤ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਗੰਨਮੈਨ ਹੈ, ਜੋ ਛੁੱਟੀ ਲੈ ਕੇ ਹੀ ਵਿਆਹ ਵੇਖਣ ਆਇਆ ਸੀ ਅਤੇ ਬਿਨਾਂ ਕਿਸੇ ਮੰਦਭਾਵਨਾ ਤੋਂ ਗੋਲੀ ਚੱਲ ਗਈ, ਜਿਸ ਦੌਰਾਨ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਡੀਐੱਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਮੈਰਿਜ ਪੈਲੇਸ ’ਚ ਬਰਾਤ ਆਈ ਹੋਈ ਸੀ। ਇਸ ਦੌਰਾਨ ਨਵਜੋਤ ਸਿੰਘ ਵੱਲੋਂ ਫ਼ਾਇਰ ਕੀਤਾ ਗਿਆ ਅਤੇ ਗੁਰਵਿੰਦਰ ਸਿੰਘ ਨਾਮ ਦਾ ਵਿਅਕਤੀ ਜ਼ਖਮੀ ਹੋ ਗਿਆ। ਉਸ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ’ਚ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਵਜੋਤ ਸਿੰਘ ਖ਼ਿਲਾਫ਼ ਅਣਗਿਹਲੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਹੁਣ ਸਵਾਲ ਹੈ ਕਿ ਜਦੋਂ ਪੰਜਾਬ ਪੁਲੀਸ ਅਤੇ ਜ਼ਿਲ੍ਹਾ ਮੈਜਿਸਟਰੇਟ ਨੇ ਮੈਰਿਜ ਪੈਲੇਸਾਂ ਵਿਚ ਅਸਲਾ ਲਿਜਾਣ ਉਤੇ ਪਾਬੰਦੀ ਲਾਈ ਹੋਈ ਹੈ ਤਾਂ ਇਹ ਗੰਨਮੈਨ ਅਸਲੇ ਨੂੰ ਲੈ ਕੇ ਕਿਉਂ ਗਿਆ।

