ਹਿਮਾਚਲ ਦੇ ਮੁੱਖ ਮੰਤਰੀ ’ਤੇ ਘਮਾਸਾਨ, ਕਾਂਗਰਸ ਹਾਈਕਮਾਨ ਕਰੇਗੀ ਫ਼ੈਸਲਾ

ਸ਼ਿਮਲਾ –ਕਾਂਗਰਸ ’ਚ ਸ਼ੁੱਕਰਵਾਰ ਸਾਰਾ ਦਿਨ ਚੱਲੇ ਡਰਾਮੇ ਦੇ ਬਾਵਜੂਦ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਰਾਤ ਦੇਰ ਗਏ ਤਕ ਕੋਈ ਸਹਿਮਤੀ ਨਹੀਂ ਬਣ ਸਕੀ ਸੀ। ਬਾਅਦ ਦੁਪਹਿਰ 3 ਵਜੇ ਬੁਲਾਈ ਗਈ ਮੀਟਿੰਗ ਰਾਤ 8 ਵਜੇ ਤੋਂ ਬਾਅਦ ਸ਼ੁਰੂ ਹੋਈ। ਆਬਜ਼ਰਵਰਾਂ ਨੇ ਮੀਟਿੰਗ ’ਚ ਸਾਰੇ ਵਿਧਾਇਕਾਂ ਦੀ ਰਾਇ ਲਈ। ਅੰਤ ’ਚ ਜਦੋਂ ਸਹਿਮਤੀ ਨਾ ਬਣ ਸਕੀ ਤਾਂ ਸੂਤਰਾਂ ਅਨੁਸਾਰ ਇਕ ਲਾਈਨ ਦਾ ਮਤਾ ਪਾਸ ਕਰ ਕੇ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ ਹਾਈਕਮਾਨ ’ਤੇ ਛੱਡ ਦਿੱਤਾ ਗਿਆ। ਹੁਣ ਹਾਈਕਮਾਨ ਹੀ ਮੁੱਖ ਮੰਤਰੀ ਬਾਰੇ ਫ਼ੈਸਲਾ ਕਰੇਗੀ। ਸੂਤਰਾਂ ਅਨੁਸਾਰ ਮੀਟਿੰਗ ’ਚ ਕੁਝ ਵਿਧਾਇਕਾਂ ਨੇ ਆਪਣਾ ਪੱਖ ਰੱਖਿਆ ਕਿ ਮੁੱਖ ਮੰਤਰੀ ਦੀ ਚੋਣ ਚੁਣੇ ਹੋਏ ਵਿਧਾਇਕਾਂ ’ਚੋਂ ਹੀ ਹੋਣੀ ਚਾਹੀਦੀ ਹੈ।

ਇਸ ਦੇ ਨਾਲ ਹੀ ‘ਹੋਲੀ ਲਾਜ’ ਦੇ ਸਮਰਥਕਾਂ ਨੇ ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਦੇ ਨਾਂ ਦੀ ਲਾਮਬੰਦੀ ਕੀਤੀ। ਮੀਟਿੰਗ ’ਚ ਕਾਂਗਰਸ ਦੇ ਲੱਗਭਗ ਸਾਰੇ ਵਿਧਾਇਕ ਮੌਜੂਦ ਸਨ। ਨਾਲ ਹੀ ਮੁੱਖ ਚੋਣ ਦਰਸ਼ਕ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਰਿਆਣਾ ਦੇ ਸਾਬਕਾ ਸੀ. ਐੱਮ. ਭੁਪਿੰਦਰ ਸਿੰਘ ਹੁੱਡਾ, ਸੂਬਾ ਇੰਚਾਰਜ ਰਾਜੀਵ ਸ਼ੁਕਲਾ ਅਤੇ ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਵੀ ਮੌਜੂਦ ਸਨ। ਕੁਝ ਨੇਤਾਵਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਮਰਥਕ ਰਾਜੀਵ ਭਵਨ ਪਹੁੰਚ ਗਏ ਸਨ। ਜਿਵੇਂ ਹੀ ਉਨ੍ਹਾਂ ਦੇ ਨੇਤਾ ਪਾਰਟੀ ਦਫ਼ਤਰ ਪਹੁੰਚੇ, ਸਮਰਥਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਸਾਰਾ ਦਿਨ ਮਾਹੌਲ ਭਖਿਆ ਰਿਹਾ।

ਸਭ ਤੋਂ ਪਹਿਲਾਂ ਸ਼ਿਮਲਾ ਜ਼ਿਲ੍ਹੇ ਦੀ ਕੁਸੁਮਪਤੀ ਸੀਟ ਤੋਂ ਵਿਧਾਇਕ ਅਨਿਰੁੱਧ ਸਿੰਘ ਦੁਪਹਿਰ 2 ਵਜੇ ਹੋਟਲ ਪੁੱਜੇ। ਅੱਧੇ ਘੰਟੇ ਬਾਅਦ ਸ਼ਿਮਲਾ ਦੇ ਜੁਬਲ-ਕੋਟਖਾਈ ਦੇ ਵਿਧਾਇਕ ਰੋਹਿਤ ਠਾਕੁਰ ਵੀ ਹੋਟਲ ਪਹੁੰਚ ਗਏ। 3 ਵਜੇ ਕਿੰਨੌਰ ਦੇ ਵਿਧਾਇਕ ਜਗਤ ਸਿੰਘ ਨੇਗੀ ਅਤੇ ਨਾਹਨ ਤੋਂ ਪਹਿਲੀ ਵਾਰ ਜਿੱਤਣ ਵਾਲੇ ਅਜੇ ਸੋਲੰਕੀ ਵੀ ਹੋਟਲ ’ਚ ਆ ਗਏ। ਚਾਰਾਂ ਵਿਧਾਇਕਾਂ ਨੇ ਇਥੇ ਬੰਦ ਕਮਰੇ ’ਚ ਕਰੀਬ ਅੱਧਾ ਘੰਟਾ ਮੀਟਿੰਗ ਕੀਤੀ।

ਸ਼ਿਮਲਾ ਦੇ ਹੋਟਲ ਸਿਸਿਲ ਦੇ ਬਾਹਰ ਮਾਹੌਲ ਉਸ ਸਮੇਂ ਅਚਾਨਕ ਗਰਮ ਹੋ ਗਿਆ, ਜਦੋਂ ਮੁੱਖ ਚੋਣ ਆਬਜ਼ਰਵਰ ਭੂਪੇਸ਼ ਬਘੇਲ ਦੇ ਸਮਰਥਕਾਂ ਨੇ ਹੋਟਲ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਦੀ ਕਾਰ ਨੂੰ ਲੱਗਭਗ ਘੇਰ ਲਿਆ ਅਤੇ ਪ੍ਰਤਿਭਾ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ। ਨਾਲ ਹੀ ਉਨ੍ਹਾਂ ‘ਵੀਰਭੱਦਰ ਸਿੰਘ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ। ਇਥੇ ਪਹਿਲਾਂ ਹੀ ਪੁਲਸ ਤਾਇਨਾਤ ਸੀ, ਜਿਸ ਕਾਰਨ ਕੁਝ ਦੇਰ ’ਚ ਹੀ ਮਾਹੌਲ ਸ਼ਾਂਤ ਹੋ ਗਿਆ। ਇਸ ਤੋਂ ਬਾਅਦ ਪ੍ਰਤਿਭਾ ਸਿੰਘ ਦੇ ਸਮਰਥਕਾਂ ਨੇ ਕਾਂਗਰਸ ਹੈੱਡਕੁਆਰਟਰ ‘ਰਾਜੀਵ ਭਵਨ’ ਵਿਖੇ ਵਿਧਾਇਕਾਂ ਦੀ ਮੀਟਿੰਗ ਤੋਂ ਪਹਿਲਾਂ ਨਾਅਰੇਬਾਜ਼ੀ ਕੀਤੀ।

Add a Comment

Your email address will not be published. Required fields are marked *