ਰੋਹਿਤ ਸਮੇਤ ਇਹ ਖਿਡਾਰੀ ਬੰਗਲਾਦੇਸ਼ ਖਿਲਾਫ ਤੀਜੇ ਵਨਡੇ ਤੋਂ ਬਾਹਰ, ਦ੍ਰਾਵਿੜ ਨੇ ਕੀਤੀ ਪੁਸ਼ਟੀ
ਢਾਕਾ : ਕਪਤਾਨ ਰੋਹਿਤ ਸ਼ਰਮਾ ਸਮੇਤ ਤਿੰਨ ਭਾਰਤੀ ਖਿਡਾਰੀ ਸੱਟ ਕਾਰਨ ਬੰਗਲਾਦੇਸ਼ ਖ਼ਿਲਾਫ਼ ਤੀਜੇ ਅਤੇ ਆਖ਼ਰੀ ਵਨਡੇ ਤੋਂ ਬਾਹਰ ਹੋ ਗਏ ਹਨ। ਦੂਜੇ ਵਨਡੇ ‘ਚ ਭਾਰਤ 5 ਵਿਕਟਾਂ ਨਾਲ ਹਾਰ ਕੇ ਸੀਰੀਜ਼ ਗੁਆ ਬੈਠਾ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਪੁਸ਼ਟੀ ਕੀਤੀ ਕਿ ਰੋਹਿਤ ਉਨ੍ਹਾਂ ਤਿੰਨ ਖਿਡਾਰੀਆਂ ‘ਚ ਸ਼ਾਮਲ ਹੈ ਜੋ ਬੰਗਲਾਦੇਸ਼ ਖਿਲਾਫ ਆਖਰੀ ਵਨਡੇ ਨਹੀਂ ਖੇਡਣਗੇ।
ਦ੍ਰਾਵਿੜ ਨੇ ਕਿਹਾ ਕਿ ਰੋਹਿਤ ਮਾਹਿਰਾਂ ਦੀ ਸਲਾਹ ਲੈਣ ਲਈ ਮੁੰਬਈ ਜਾਣਗੇ। ਟੀਮ ਦੇ ਖਿਡਾਰੀਆਂ ਨੂੰ ਲੱਗੀਆਂ ਸੱਟਾਂ ਬਾਰੇ ਗੱਲ ਕਰਦਿਆਂ ਕੋਚ ਨੇ ਕਿਹਾ ਕਿ ਉਹ ਮੰਦਭਾਗਾ ਹਨ। ਟੈਸਟ ਸੀਰੀਜ਼ ‘ਚ ਭਾਰਤੀ ਕਪਤਾਨ ਦੀ ਭਾਗੀਦਾਰੀ ‘ਤੇ ਫੈਸਲਾ ਬਾਅਦ ‘ਚ ਲਿਆ ਜਾਵੇਗਾ। ਮੁੱਖ ਕੋਚ ਦ੍ਰਾਵਿੜ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਰੋਹਿਤ ਯਕੀਨੀ ਤੌਰ ‘ਤੇ ਅਗਲਾ ਮੈਚ ਨਹੀਂ ਖੇਡੇਗਾ, ਮੁੰਬਈ ਲਈ ਰਵਾਨਾ ਹੋਵੇਗਾ।
ਰੋਹਿਤ ਕਿਸੇ ਮਾਹਰ ਨਾਲ ਸਲਾਹ ਕਰੇਗਾ ਅਤੇ ਦੇਖੇਗਾ ਕਿ ਇਹ (ਸੱਟ) ਕਿਸ ਤਰ੍ਹਾ ਦੀ ਹੈ ਅਤੇ ਉਹ ਟੈਸਟ ਮੈਚਾਂ ਲਈ ਵਾਪਸ ਆ ਸਕਦੇ ਹਨ ਜਾ ਨਹੀਂ। ਮੈਨੂੰ ਯਕੀਨ ਨਹੀਂ ਹੈ। ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ। ਦੂਜੇ ਵਨਡੇ ‘ਚ ਸਿਰਫ ਤਿੰਨ ਓਵਰਾਂ ਦੀ ਗੇਂਦਬਾਜ਼ੀ ਕਰਨ ਵਾਲੇ ਦੀਪਕ ਚਾਹਰ ਵੀ ਆਖਰੀ ਵਨਡੇ ‘ਚੋਂ ਬਾਹਰ ਹੋ ਗਏ ਹਨ ਜਦਕਿ ਦੂਜੇ ਵਨਡੇ ‘ਚ ਨਾ ਖੇਡਣ ਵਾਲੇ ਕੁਲਦੀਪ ਸੇਨ ਵੀ ਫਾਈਨਲ ਮੈਚ ਨਹੀਂ ਖੇਡ ਸਕਣਗੇ। ਦ੍ਰਾਵਿੜ ਨੇ ਮੈਚ ਤੋਂ ਬਾਅਦ ਕਿਹਾ, ‘ਇਹ ਤਿੰਨੇ ਯਕੀਨੀ ਤੌਰ ‘ਤੇ ਅਗਲਾ ਮੈਚ ਨਹੀਂ ਖੇਡਣਗੇ।

ਬੰਗਲਾਦੇਸ਼ ਦੀ ਪਾਰੀ ਦੌਰਾਨ ਕਪਤਾਨ ਨੂੰ ਫੀਲਡਿੰਗ ਦੌਰਾਨ ਕੈਚ ਲੈਣ ਦੀ ਕੋਸ਼ਿਸ਼ ‘ਚਅੰਗੂਠੇ ‘ਤੇ ਸੱਟ ਲੱਗ ਗਈ। ਗੇਂਦ ਉਸ ਦੇ ਅੰਗੂਠੇ ‘ਤੇ ਲੱਗੀ ਅਤੇ ਅੰਗੂਠਾ ਖੂਨ ਨਾਲ ਲਥਪਥ ਹੋ ਗਿਆ। ਫਿਰ ਉਹ ਮੈਦਾਨ ਛੱਡ ਗਿਆ ਅਤੇ ਉਸ ਨੂੰ ਸਕੈਨ ਲਈ ਹਸਪਤਾਲ ਲਿਜਾਣਾ ਪਿਆ। ਹਾਲਾਂਕਿ ਇਸ ਤੋਂ ਬਾਅਦ ਆਖਰੀ ਸਮੇਂ ‘ਤੇ ਰੋਹਿਤ ਸ਼ਰਮਾ ਬੱਲੇਬਾਜ਼ੀ ਕਰਨ ਆਏ, ਜਿਸ ਦੀ ਦ੍ਰਾਵਿੜ ਨੇ ਵੀ ਤਾਰੀਫ ਕੀਤੀ। ਦ੍ਰਾਵਿੜ ਨੇ ਕਿਹਾ, ‘ਇਹ ਹਿੰਮਤ ਦਿਖਾਉਣਾ ਬੇਮਿਸਾਲ ਹੈ। ਉਸ ਨੂੰ ਸੱਟ ਲਗੀ ਸੀ ਅਤੇ ਇਸ ਨੂੰ ਹੀਲਿੰਗ ਕਰਨ ਲਈ ਹਸਪਤਾਲ ਲਿਜਾਣਾ ਪਿਆ, ਉਸ ਦੇ ਹੱਥ ‘ਤੇ ਟਾਂਕੇ ਲੱਗਾਉਣੇ ਪਏ, ਕੁਝ ਟੀਕੇ ਵੀ ਲਗਾਏ ਗਏ।
