ਦੁਬਈ ਜਾਣ ਵਾਲੀ ਫਲਾਈਟ ‘ਚ ਹੈਂਡਬੈਗ ਨੂੰ ਲੈ ਕੇ ਪਿਆ ਬਖੇੜਾ, ਸੁਰੱਖਿਆ ਮੁਲਾਜ਼ਮਾਂ ਨੇ ਯਾਤਰੀ ਨੂੰ ਕੱਢਿਆ ਬਾਹਰ

ਚੰਡੀਗੜ੍ਹ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਬਈ ਜਾਣ ਵਾਲੀ ਫਲਾਈਟ ‘ਚ ਹੈਂਡ ਬੈਗ ਰੱਖਣ ਤੋਂ ਇੰਡੀਗੋ ਦੇ ਮੁਲਾਜ਼ਮਾਂ ਅਤੇ ਇਕ ਮੁਸਾਫ਼ਰ ਵਿਚਾਲੇ ਹੋਈ ਤਕਰਾਰ ਕਾਰਨ ਫਲਾਈਟ 3 ਘੰਟੇ ਲੇਟ ਹੋ ਗਈ। ਇਸ ਕਾਰਨ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੀ. ਆਈ. ਐੱਸ. ਐੱਫ. ਨੇ ਹੰਗਾਮਾ ਕਰਨ ਵਾਲੀ ਔਰਤ ਨੂੰ ਫਲਾਈਟ ‘ਚੋਂ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਸ਼ਾਮ 7.30 ਵਜੇ ਫਲਾਈਟ ਦੁਬਈ ਲਈ ਰਵਾਨਾ ਹੋਈ। ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਦੇ ਰਹਿਣ ਵਾਲੇ ਵਿਸ਼ਾਲ ਨੇ ਦੱਸਿਆ ਕਿ ਉਹ ਦੁਬਾਈ ਦੇ ਇਕ ਨਿੱਜੀ ਸਕੂਲ ‘ਚ ਹੈੱਡਮਾਸਟਰ ਹੈ। ਉਹ ਵੀ ਉਸੇ ਫਲਾਈਟ ਰਾਹੀਂ ਦੁਬਾਈ ਜਾ ਰਿਹਾ ਸੀ।

ਉਸ ਨੇ ਦੱਸਿਆ ਕਿ ਫਲਾਈਟ ਨੰਬਰ-655 ’ਚ ਇਕ 45 ਸਾਲਾ ਔਰਤ ਆਪਣੇ ਬਜ਼ੁਰਗ ਮਾਤਾ-ਪਿਤਾ ਨਾਲ ਸਵਾਰ ਸੀ। ਜਦੋਂ ਮੁਸਾਫ਼ਰ ਫਲਾਈਟ ‘ਚ ਬੈਠਣ ਲੱਗੇ ਤਾਂ ਇਸ ਦੌਰਾਨ ਔਰਤ ਨੇ ਆਪਣਾ ਹੈਂਡ ਬੈਗ ਫਲਾਈਟ ਦੇ ਐਮਰਜੈਂਸੀ ਦਰਵਾਜ਼ੇ ’ਤੇ ਰੱਖਿਆ, ਜਿਸ ਤੋਂ ਬਾਅਦ ਇੰਡੀਗੋ ਫਲਾਈਟ ਸਟਾਫ਼ ਨੇ ਉਸਨੂੰ ਬੈਗ ਉੱਥੇ ਰੱਖਣ ਤੋਂ ਰੋਕ ਦਿੱਤਾ ਅਤੇ ਔਰਤ ਨੇ ਬਹਿਸ ਸ਼ੁਰੂ ਕਰ ਦਿੱਤੀ। ਮੁਲਾਜ਼ਮਾਂ ਅਤੇ ਔਰਤ ਵਿਚਾਲੇ ਝਗੜਾ ਇੰਨਾ ਵਧ ਗਿਆ ਕਿ ਮੁਲਾਜ਼ਮਾਂ ਨੂੰ ਸੀ. ਆਈ. ਐੱਸ. ਐੱਫ. ਜਵਾਨਾਂ ਨੂੰ ਬੁਲਾਉਣਾ ਪਿਆ, ਜਿਸ ਤੋਂ ਬਾਅਦ ਉਹ ਔਰਤ ਅਤੇ ਉਸਦੇ ਪਰਿਵਾਰ ਨੂੰ ਫਲਾਈਟ ਵਿਚੋਂ ਬਾਹਰ ਲੈ ਗਏ, ਜਿਸ ਤੋਂ ਬਾਅਦ ਫਲਾਈਟ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ।
ਸੁਰੱਖਿਆ ਚੈਕਿੰਗ ਦੌਰਾਨ ਵੀ ਕਰ ਰਹੀ ਸੀ ਹੰਗਾਮਾ
ਇੰਡੀਗੋ ਏਅਰਲਾਈਨਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਜਾਂਚ ਦੌਰਾਨ ਵੀ ਔਰਤ ਕਾਫੀ ਬਹਿਸ ਕਰ ਰਹੀ ਸੀ। ਸੁਰੱਖਿਆ ਜਾਂਚ ਤੋਂ ਬਾਅਦ ਉਸਨੇ ਫਲਾਈਟ ‘ਚ ਚਾਲਕ ਦਲ ਦੇ ਮੈਂਬਰਾਂ ਨਾਲ ਵੀ ਹੰਗਾਮਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਸੀ. ਆਈ. ਐੱਸ. ਐੱਫ. ਦੀ ਮਦਦ ਨਾਲ ਫਲਾਈਟ ਵਿਚੋਂ ਉਤਾਰਿਆ ਗਿਆ। ਉਨ੍ਹਾਂ ਕਿਹਾ ਕਿ ਫਲਾਈਟ ‘ਚ ਸਵਾਰ ਹੋਰ ਮੁਸਾਫ਼ਰ ਪਰੇਸ਼ਾਨ ਨਾ ਹੋਣ, ਇਸ ਲਈ ਔਰਤ ਨੂੰ ਫਲਾਈਟ ਵਿਚੋਂ ਉਤਾਰਿਆ ਗਿਆ ਹੈ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਲਈ ਇੰਡੀਗੋ ਦੀਆਂ ਉਡਾਣਾਂ ਹਫ਼ਤੇ ਵਿਚ 4 ਦਿਨ ਚਲਾਈਆਂ ਜਾਂਦੀਆਂ ਹਨ। ਚੰਡੀਗੜ੍ਹ ਤੋਂ ਦੁਬਈ ਲਈ ਇਹ ਫਲਾਈਟ ਸ਼ਾਮ 4.30 ਵਜੇ ਟੇਕਆਫ ਹੁੰਦੀ ਹੈ ਪਰ ਔਰਤ ਵਲੋਂ ਹੰਗਾਮਾ ਕੀਤੇ ਜਾਣ ਕਾਰਨ ਫਲਾਈਟ 3 ਘੰਟੇ ਲੇਟ ਹੋ ਗਈ।

Add a Comment

Your email address will not be published. Required fields are marked *