ਇਟਲੀ: ਭਾਰਤੀ ਨੌਜਵਾਨ ਦੀਆਂ 2 ਗੱਡੀਆਂ ਨੂੰ ਸ਼ਰਾਰਤੀ ਅਨਸਰ ਨੇ ਲਾਈ ਅੱਗ

ਰੋਮ – ਇਟਲੀ ਦੇ ਮਿੰਨੀ ਪੰਜਾਬ ਸੂਬੇ ਲਾਸੀਓ ਅਧੀਨ ਆਉਂਦੇ ਜ਼ਿਲ੍ਹਾ ਲਾਤੀਨਾ ਦੇ ਪਿੰਡ ਬੋਰਗੋ ਹਰਮਾਦਾ ਨੇੜੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਭਾਰਤੀ ਨੌਜਵਾਨ ਅਮਰਜੀਤ ਸਿੰਘ ਉਰਫ਼ ਜੋਤੀ ਉੱਪਲ ਦੇ ਘਰ ਵਿੱਚ ਖੜ੍ਹੀਆਂ 2 ਗੱਡੀਆਂ ਨੂੰ ਸ਼ਾਮ ਦੇ 6-7 ਵਜੇ ਦੇ ਕਰੀਬ ਪੈਟਰੋਲ ਪਾਕੇ ਅੱਗ ਲਗਾ ਦਿੱਤੀ ਗਈ, ਜਿਸ ਕਾਰਨ ਦੋਵਾਂ ਗੱਡੀਆਂ ਦਾ ਕਾਫ਼ੀ ਹਿੱਸਾ ਸੜ ਕੇ ਰਾਖ ਹੋ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਸ਼ਰਾਰਤੀ ਅਨਸਰ ਦਾ ਕੀ ਮਕਸਦ ਸੀ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਇਸ ਕਾਰਵਾਈ ਨਾਲ ਉਸ ਨੇ 2 ਪੰਜਾਬੀ ਪਰਿਵਾਰਾਂ ਦੇ ਨਾਲ 6 ਹੋਰ ਇਟਾਲੀਅਨ ਪਰਿਵਾਰਾਂ ਦੀ ਜਾਨ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ।

ਪੀੜਤ ਜੋਤੀ ਉੱਪਲ ਨੇ ਦੱਸਿਆ ਉਹ ਇਲਾਕੇ ਵਿੱਚ ਇੱਕ ਸਮਾਜ ਸੇਵੀ ਵਜੋਂ ਵਿਚਰਦੇ ਹਨ ਤੇ ਸਦਾ ਹੀ ਲੋੜਵੰਦ ਲੋਕਾਂ ਦੀ ਸਹਾਇਤਾ ਕਰਦੇ ਹਨ। ਹੋ ਸਕਦਾ ਇਹਨਾਂ ਗਤੀਵਿਧੀਆ ਤੋਂ ਕਿਸੇ ਨੂੰ ਕੋਈ ਤਕਲੀਫ਼ ਹੋਵੇ, ਜਿਸ ਕਾਰਨ ਇਹ ਘਟਨਾ ਹੋਈ। ਜੋਤੀ ਉਪੱਲ ਜਿਸ ਇਮਾਰਤ ਵਿੱਚ ਰਹਿੰਦੇ ਹਨ, ਉੱਥੇ ਉਹਨਾਂ ਤੋਂ ਇਲਾਵਾ ਉਸ ਦਾ ਇੱਕ ਰਿਸ਼ਤੇਦਾਰ ਪਰਿਵਾਰ ਤੇ 6 ਹੋਰ ਇਟਾਲੀਅਨ ਪਰਿਵਾਰ ਰਹਿੰਦੇ ਹਨ। ਉੱਪਲ ਦੀਆਂ 2 ਗੱਡੀਆਂ ਘਰ ਦੇ ਹੇਠਾਂ ਬਣੇ ਗੈਰਾਜ ਵਿਚ ਖੜ੍ਹੀਆਂ ਸਨ। ਜਿਸ ਵੀ ਵਿਅਕਤੀ ਨੇ ਇਹ ਹਰਕਤ ਕੀਤੀ ਉਸ ਨੇ ਸਾਰੇ ਮੁੱਹਲੇ ਦੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਗੱਡੀਆਂ ਨੂੰ ਹੇਠਾਂ ਲੱਗੀ ਅੱਗ ਦੀਆਂ ਲਪਟਾਂ ਗੈਰਾਜ ਦੀ ਛੱਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਸਨ। ਮੌਕਾ ਰਹਿੰਦੇ ਅੱਗ ‘ਤੇ ਕਾਬੂ ਪਾ ਲਿਆ ਗਿਆ, ਜਿਸ ਕਰਾਨ ਇਕ ਵੱਡਾ ਹਾਦਸਾ ਹੋਣੋ ਟਲ ਗਿਆ।

ਜੋਤੀ ਉੱਪਲ ਨੇ ਦੱਸਿਆ ਕਿ ਉਹ ਗੈਸ ਸਿਲੰਡਰਾਂ ਦਾ ਕੰਮ ਕਰਦੇ ਹਨ ਤੇ ਗੱਡੀਆਂ ਤੋਂ ਕੁਝ ਹੀ ਦੂਰੀ ‘ਤੇ ਗੈਸ ਸਿਲੰਡਰ ਪਏ ਸਨ, ਜਿਹੜੇ ਕਿ ਅੱਗ ਦੀ ਲਪੇਟ ਵਿੱਚ ਆਉਣ ਤੋਂ ਮਸਾਂ ਹੀ ਬਚੇ। ਜੇਕਰ ਇਹਨਾਂ ਸਿਲੰਡਰਾਂ ਨੂੰ ਅੱਗ ਲੱਗ ਜਾਂਦੀ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। ਉਹਨਾਂ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਹੈ ਤੇ ਬੇਸ਼ੱਕ ਪੁਲਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਪਰ ਮੁੱਹਲੇ ਦੇ ਇਟਾਲੀਅਨ ਇਸ ਘਟਨਾ ਤੋਂ ਬਹੁਤ ਸਹਿਮੇ ਤੇ ਡਰੇ ਹੋਏ ਹਨ। ਇੱਕ ਇਟਾਲੀਅਨ ਪਰਿਵਾਰ ਤਾਂ ਮੁਹੱਲਾ ਛੱਡਣ ਦਾ ਹੀ ਵਿਚਾਰ ਬਣਾ ਰਿਹਾ ਹੈ। 

Add a Comment

Your email address will not be published. Required fields are marked *