AGTF ਨੂੰ ਮਿਲੀ ਵੱਡੀ ਸਫ਼ਲਤਾ, ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਤੋਂ ਗ੍ਰਿਫ਼ਤਾਰ

ਚੰਡੀਗੜ੍ਹ: ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਨੇ ਸ਼ਨੀਵਾਰ ਨੂੰ ਬਰਵਾਲਾ (ਹਰਿਆਣਾ) ਤੋਂ ਭੂਪੀ ਰਾਣਾ ਗੈਂਗ ਦੇ ਇਕ ਮੁੱਖ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਾਈ ਮੁਹਿੰਮ ਤਹਿਤ ਲਗਾਤਾਰ ਦੂਜੇ ਦਿਨ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅੰਕਿਤ ਰਾਣਾ ਵਜੋਂ ਹੋਈ ਹੈ, ਜੋ ਜ਼ੀਰਕਪੁਰ ਅਤੇ ਪੰਚਕੂਲਾ ਦੇ ਇਲਾਕੇ ’ਚ ਫਿਰੌਤੀ ਦਾ ਰੈਕੇਟ ਚਲਾ ਰਿਹਾ ਸੀ। ਪੁਲਸ ਨੇ ਦੋਸ਼ੀ ਕੋਲੋਂ .32 ਬੋਰ ਦਾ ਇਕ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਕਾਰਵਾਈ ਢਕੋਲੀ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਬੰਟੀ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਅਮਲ ’ਚ ਲਿਆਂਦੀ ਗਈ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਏ.ਜੀ.ਟੀ.ਐੱਫ. ਨੇ ਜ਼ਿਲ੍ਹਾ ਪੁਲਸ ਐੱਸ. ਏ. ਐੱਸ. ਨਗਰ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਅੰਕਿਤ ਰਾਣਾ ਨੂੰ .32 ਬੋਰ ਦੇ ਪਿਸਤੌਲ ਅਤੇ 5 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਅੰਕਿਤ ਜੁਲਾਈ 2022 ’ਚ ਹੋਏ ਬਲਟਾਣਾ ਮੁਕਾਬਲੇ ਦੇ ਕੇਸ ’ਚ ਲੋੜੀਂਦਾ ਸੀ। ਜ਼ਿਕਰਯੋਗ ਹੈ ਕਿ ਬਲਟਾਣਾ ਆਪ੍ਰੇਸ਼ਨ ਦੌਰਾਨ ਭੂਪੀ ਰਾਣਾ ਗੈਂਗ ਦੇ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਜਵਾਬੀ ਗੋਲੀਬਾਰੀ ’ਚ ਇਕ ਗੈਂਗਸਟਰ ਜ਼ਖ਼ਮੀ ਹੋ ਗਿਆ ਸੀ ਅਤੇ ਇਸ ਪੁਲਸ ਕਾਰਵਾਈ ’ਚ ਪੰਜਾਬ ਪੁਲਸ ਦੇ ਦੋ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਉਸ ਨੂੰ ਥਾਣਾ ਜ਼ੀਰਕਪੁਰ ਵਿਖੇ ਆਈ. ਪੀ. ਸੀ. ਦੀ ਧਾਰਾ 353, 186, 307 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਐੱਫ.ਆਈ.ਆਰ. ਨੰਬਰ 340 ਮਿਤੀ 17-07-2022 ਨੂੰ ਦਰਜ ਮਾਮਲੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ । ਡੀ.ਜੀ.ਪੀ. ਨੇ ਦੱਸਿਆ ਕਿ ਅੰਕਿਤ ਰਾਣਾ ਹਰਿਆਣਾ ਅਤੇ ਪੰਜਾਬ ’ਚ ਦਰਜ ਹੋਏ ਇਰਾਦਾ ਕਤਲ, ਅਸਲਾ ਐਕਟ ਅਤੇ ਜਬਰਨ ਵਸੂਲੀ ਆਦਿ ਦੇ ਕਈ ਅਪਰਾਧਿਕ ਮਾਮਲਿਆਂ ’ਚ ਵੀ ਲੋੜੀਂਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਉਹ ਜ਼ੀਰਕਪੁਰ ਦੇ 15 ਹੋਟਲਾਂ ਅਤੇ ਪੰਚਕੂਲਾ ਦੇ 10 ਹੋਟਲਾਂ ਤੋਂ ਇਲਾਵਾ ਇਸ ਖੇਤਰ ਦੇ ਹੋਰ ਨਾਮੀ ਕਾਰੋਬਾਰੀਆਂ ਤੋਂ ਵੀ ਪੈਸੇ ਵਸੂਲਣ ਵਿੱਚ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਉਸ ਦੀ ਸ਼ਮੂਲੀਅਤ ਬਾਰੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *