ਸਭ ਤੋਂ ਸਫਲ ਖਿਡਾਰੀ ਬਣੀ ਐਮਾ ਮੈੱਕਾਨ
![](http://mehakewattan.com/wp-content/uploads/2022/08/2022_8largeimg_1161897506.jpg)
ਬਰਮਿੰਘਮ, 1 ਅਗਸਤ
ਆਸਟਰੇਲਿਆਈ ਤੈਰਾਕ ਐਮਾ ਮੈੱਕਾਨ ਨੇ ਮਹਿਲਾਵਾਂ ਦੇ 50 ਮੀਟਰ ਫਰੀ ਸਟਾਈਲ ’ਚ ਸੋਨ ਤਗ਼ਮਾ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਉਹ ਰਾਸ਼ਟਮੰਡਲ ਖੇਡਾਂ ਦੀ ਸਭ ਤੋਂ ਕਾਮਯਾਬ ਖਿਡਾਰੀ ਬਣ ਗਈ ਹੈ। ਮੈੱਕਾਨ ਨੇ ਗਲਾਸਗੋ ਤੇ ਗੋਲਡ ਕੋਸਟ ਦੀ ਆਪਣੀ ਕਾਮਯਾਬੀ ਨੂੰ ਅੱਗੇ ਵਧਾਉਂਦਿਆਂ ਰਾਸ਼ਟਰਮੰਡਲ ਖੇਡਾਂ ’ਚ ਆਪਣਾ ਕੁੱਲ 11ਵਾਂ ਸੋਨ ਤਗ਼ਮਾ ਜਿੱਤਿਆ ਜੋ ਨਵਾਂ ਰਿਕਾਰਡ ਹੈ। ਇਸ 28 ਸਾਲਾ ਖਿਡਾਰੀ ਨੇ ਬਰਮਿੰਘਮ ਖੇਡਾਂ ’ਚ ਇਹ ਤੀਜਾ ਸੋਨ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਉਸ ਨੇ 4×100 ਮੀਟਰ ਫਰੀ ਸਟਾਈਲ ਤੇ 4×100 ਮੀਟਰ ਮਿਕਸਡ ਰਿਲੇ ’ਚ ਵੀ ਸੋਨ ਤਗ਼ਮਾ ਜਿੱਤਿਆ ਸੀ। ਮੈੱਕਾਨ ਦੀ ਅਗਵਾਈ ਹੇਠ ਆਸਟਰੇਲੀਆ ਨੇ ਮਹਿਲਾਵਾਂ ਦੀ 50 ਮੀਟਰ ਫਰੀ ਸਟਾਈਲ ’ਚ ਤਿੰਨੋ ਤਗ਼ਮੇ ਜਿੱਤੇ। ਮੈੱਕਾਨ ਨੇ 23.99 ਸਕਿੰਟ ’ਚ ਦੂਰੀ ਤੈਅ ਕੀਤੀ। ਉਸ ਦੀਆਂ ਸਾਥਣਾਂ ਮੈਗ ਹੈਰਿਸ ਨੇ ਚਾਂਦੀ ਤੇ ਸ਼ਾਇਨਾ ਜੈਕ ਨੇ ਕਾਂਸੀ ਤਗ਼ਮਾ ਹਾਸਲ ਕੀਤਾ। ਮੈਕਾਨ ਦੇ ਮਾਤਾ-ਪਿਤਾ ਵੀ ਸਾਬਕਾ ਕੌਮਾਂਤਰੀ ਤੈਰਾਕ ਹਨ। ਉਨ੍ਹਾਂ ਇੱਥੇ ਆਪਣੀ ਧੀ ਨੂੰ ਇਤਿਹਾਸ ਰਚਦੇ ਦੇਖਿਆ। ਪੰਜ ਵਾਰ ਓਲੰਪਿਕ ’ਚ ਸੋਨ ਤਗ਼ਮਾ ਜਿੱਤਣ ਵਾਲੀ ਮੈੱਕਾਨ ਨੇ ਆਪਣੇ ਸਾਥੀ ਆਸਟਰੇਲਿਆਈ ਤੈਰਾਕਾਂ ਇਯਾਨ ਥੋਰਪ, ਸੂਜ਼ੀ ਓਨੀਨ ਅਤੇ ਲੀਸੇਲ ਜੌਨਸ ਦੇ ਰਾਸ਼ਟਰਮੰਡਲ ਖੇਡਾਂ ’ਚ ਜਿੱਤੇ ਗਏ ਸਭ ਤੋਂ ਵੱਧ ਸੋਨ ਤਗ਼ਮਿਆਂ ਦੇ ਰਿਕਾਰਡ ਨੂੰ ਪਛਾੜ ਦਿੱਤਾ ਹੈ।