ਕੈਨੇਡਾ ‘ਚ ਪੰਜਾਬੀ ਵਕੀਲ ਨੂੰ 22 ਮਹੀਨੇ ਦੀ ਕੈਦ

ਐਬਟਸਫੋਰਡ, 19 ਅਗਸਤ -ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਸੂਬਾਈ ਅਦਾਲਤ ਨੇ ਇੰਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼ ਤਹਿਤ ਡੈਲਟਾ ਦੇ 63 ਸਾਲਾ ਪੰਜਾਬੀ ਵਕੀਲ ਬਲਰਾਜ ਸਿੰਘ ਭੱਟੀ ਨੂੰ 22 ਮਹੀਨੇ ਦੀ ਸਜ਼ਾ ਸੁਣਾਈ ਹੈ | ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਬਲਰਾਜ ਸਿੰਘ ਭੱਟੀ ਅਤੇ ਵੈਨਕੂਵਰ ਨਿਵਾਸੀ ਇੰਟਰਪਰੇਟਰ ਸੋਫੀਅਨ ਡਾਹਕ ਨੂੰ ਪਹਿਲੀ ਅਕਤੂਬਰ, 2020 ਨੂੰ ਗਿ੍ਫ਼ਤਾਰ ਕੀਤਾ ਸੀ | ਸੋਫੀਅਨ ਡਾਹਕ ਨੂੰ ਬੀਤੇ ਜੂਨ ਮਹੀਨੇ ਅਦਾਲਤ ਨੇ ਸ਼ਰਤਾਂ ਤਹਿਤ ਇਕ ਦਿਨ ਘੱਟ 2 ਸਾਲ ਦੀ ਸਜ਼ਾ ਤੇ 14 ਹਜ਼ਾਰ ਡਾਲਰ ਜ਼ੁਰਮਾਨਾ ਭਰਨ ਦਾ ਹੁਕਮ ਸੁਣਾਇਆ ਸੀ | ਵਕੀਲ ਬਲਰਾਜ ਸਿੰਘ ਭੱਟੀ ‘ਤੇ ਇੰਮੀਗ੍ਰੇਸ਼ਨ ਧੋਖਾਧੜੀ, ਗ਼ਲਤ ਜਾਣਕਾਰੀ ਅਤੇ ਨਕਲੀ ਦਸਤਾਵੇਜ਼ਾਂ ਸਮੇਤ 17 ਚਾਰਜ ਲਗਾਏ ਗਏ ਸਨ | ਕੈਨੇਡਾ ਬਾਰਡਰ ਸਰਵਿਸਿਜ਼ ਅਨੁਸਾਰ ਬਲਰਾਜ ਸਿੰਘ ਤੇ ਸੋਫੀਅਨ ਡਾਹਕ ਨੇ ਫਰਵਰੀ, 2002 ਤੋਂ ਮਾਰਚ, 2014 ਤੱਕ ਕੈਨੇਡਾ ਆਏ ਕਈ ਪ੍ਰਵਾਸੀਆਂ ਨੂੰ ਰਫ਼ਿਊਜ਼ੀ ਦੱਸ ਕੇ ਇੰਮੀਗ੍ਰੇਸ਼ਨ ‘ਤੇ ਰਫ਼ਿਊਜ਼ੀ ਬੋਰਡ ਨੂੰ ਗ਼ਲਤ ਜਾਣਕਾਰੀ ਦਿੱਤੀ ਸੀ | ਉਹ ਪ੍ਰਵਾਸੀ ਵਿਅਕਤੀ ਅਸਲ ‘ਚ ਰਫਿਊਜੀ ਨਹੀਂ ਸਨ | ਏਜੰਸੀ ਨੇ 2012 ‘ਚ ਇਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ ਤੇ 8 ਸਾਲ ਬਾਅਦ ਇਨ੍ਹਾਂ ਦੀ ਗਿ੍ਫ਼ਤਾਰੀ ਹੋ ਸਕੀ | ਜੂਨ, 2021 ‘ਚ ਬਲਰਾਜ ਸਿੰਘ ਭੱਟੀ ਨੇ ਅਦਾਲਤ ਵਿਚ ਆਪਣਾ ਗੁਨਾਹ ਸਵੀਕਾਰ ਕਰ ਲਿਆ ਸੀ |

Add a Comment

Your email address will not be published. Required fields are marked *