ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਟਾਲੀਅਨ ਵਿਦਿਆਰਥੀ ਗੁਰਦੁਆਰਾ ਸਾਹਿਬ ਹੋਏ ਨਤਮਸਤਕ

ਮਿਲਾਨ : ਸਿੱਖ ਧਰਮ ਦੀ ਵਿਸ਼ਾਲਤਾ ਅਤੇ ਮਹਾਨਤਾ ਨੂੰ ਨੇੜਿਓਂ ਜਾਣਨ ਲਈ ਇਟਲੀ ਦੇ ਕਸਬਾ ਆਂਸੀਓ ਦੇ ਸਕੂਲ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਰੋਮ ਪਹੁੰਚ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਉਪਰੰਤ ਸਿੱਖ ਧਰਮ ਦੀ ਵਿਸ਼ਾਲਤਾ ਅਤੇ ਮਹਾਨਤਾ ਸਬੰਧੀ ਵਿਚਾਰਾਂ ਕਰਦਿਆਂ ਜਾਣਕਾਰੀ ਪ੍ਰਾਪਤ ਕੀਤੀ। ਵੱਡੀ ਗਿਣਤੀ ‘ਚ ਗੁਰਦੁਆਰਾ ਸਾਹਿਬ ਪਹੁੰਚੇ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਅਤੇ ਹੋਰ ਗੁਰਸਿੱਖਾਂ ਨਾਲ ਇਟਾਲੀਅਨ ਭਾਸ਼ਾ ‘ਚ ਗੱਲਬਾਤ ਕਰਦਿਆਂ ਸਿੱਖ ਇਤਿਹਾਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਬਾਣੀ ਸਬੰਧੀ ਵਿਚਾਰਾਂ ਕਰਦਿਆਂ ਲੰਗਰ ਪ੍ਰਥਾ ਬਾਰੇ ਪੂਰੀ ਗੰਭੀਰਤਾ ਨਾਲ ਗੱਲਬਾਤ ਕੀਤੀ।

ਇਸ ਮੌਕੇ ਉਤਸ਼ਾਹ ਨਾਲ ਭਰੇ ਹੋਏ ਸਕੂਲੀ ਵਿਦਿਆਰਥੀਆਂ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਜੋ ਸਕੂਨ ਤੇ ਆਨੰਦ ਗੁਰਦੁਆਰਾ ਸਾਹਿਬ ਆ ਕੇ ਮਿਲਿਆ ਹੈ, ਇਸ ਤੋਂ ਪਹਿਲਾਂ ਅਜਿਹੀ ਖੁਸ਼ੀ ਤੇ ਆਨੰਦ ਕਦੇ ਨਹੀਂ ਮਿਲਿਆ। ਦੱਸਣਯੋਗ ਹੈ ਕਿ ਜਿਸ ਤਰ੍ਹਾਂ ਵਿਦੇਸ਼ਾਂ ‘ਚ ਸਿੱਖਾਂ ਦੀ ਆਬਾਦੀ ਵੱਧ ਰਹੀ ਹੈ, ਉਸ ਨਾਲ ਵਿਦੇਸ਼ੀ ਵਿਦਿਆਰਥੀਆਂ ਵਿੱਚ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਜਾਣਨ ਤੇ ਸਮਝਣ ਲਈ ਉਤਸ਼ਾਹ ਵੇਖਿਆ ਜਾ ਸਕਦਾ ਹੈ।

ਇਸ ਮੌਕੇ ਮੌਜੂਦਾ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੇ ਨਾਲ ਆਏ ਉਨ੍ਹਾਂ ਦੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਭੇਟ ਕਰਦਿਆਂ ਸਨਮਾਨਿਤ ਕਰਨ ਉਪਰੰਤ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਲਿਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ-ਦੀਦਾਰੇ ਅਤੇ ਨਤਮਸਤਕ ਹੋਣ ਲਈ ਖਾਸ ਪ੍ਰੋਗਰਾਮ ਉਲੀਕਿਆ ਸੀ। ਦੱਸਣਯੋਗ ਹੈ ਕਿ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਰੋਮ ਇਲਾਕੇ ‘ਚ ਸਭ ਤੋਂ ਪੁਰਾਣਾ ਅਤੇ ਵੱਡਾ ਸਿੱਖ ਟੈਂਪਲ ਹੈ, ਜਿਸ ਦੀ ਆਲੀਸ਼ਾਨ ਅਤੇ ਖੁੱਲ੍ਹੀ ਇਮਾਰਤ ਇਥੇ ਆਉਣ ਵਾਲਿਆਂ ਲਈ ਖਿੱਚ ਦਾ ਕੇਂਦਰ ਬਿੰਦੂ ਹੈ।

Add a Comment

Your email address will not be published. Required fields are marked *