ਨੂੰਹ ਕਾਰਨ ਮੁਸ਼ਕਲ ‘ਚ ਫਸੇ ਨਵਨਿਯੁਕਤ ਪ੍ਰਧਾਨ ਰੋਜਰ ਬਿੰਨੀ, BCCI ਵੱਲੋਂ ਨੋਟਿਸ ਜਾਰੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਬੋਰਡ ਦੇ ਆਚਰਣ ਅਧਿਕਾਰੀ ਵਿਨੀਤ ਸਰਨ ਨੇ ਬੋਰਡ ਦੇ ਪ੍ਰਧਾਨ ਰੋਜਰ ਬਿੰਨੀ ਨੂੰ ਹਿੱਤਾਂ ਦੇ ਟਕਰਾਅ ਦਾ ਨੋਟਿਸ ਭੇਜਿਆ ਹੈ। ਪੀ.ਟੀ.ਆਈ. ਨੂੰ ਪਤਾ ਲੱਗਿਆ ਹੈ ਕਿ ਸਰਨ ਨੇ ਬਿੰਨੀ ਨੂੰ ਆਪਣੇ ‘ਤੇ ਲੱਗੇ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ‘ਤੇ 20 ਦਸੰਬਰ ਤੱਕ ਲਿਖਤੀ ਜਵਾਬ ਦੇਣ ਲਈ ਕਿਹਾ ਹੈ। ਸ਼ਿਕਾਇਤਕਰਤਾ ਸੰਜੀਵ ਗੁਪਤਾ ਨੇ ਦੋਸ਼ ਲਾਇਆ ਹੈ ਕਿ ਬਿੰਨੀ ਦਾ ਹਿੱਤਾਂ ਦਾ ਟਕਰਾਅ ਹੈ ਕਿਉਂਕਿ ਉਸ ਦੀ ਨੂੰਹ ਸਟਾਰ ਸਪੋਰਟਸ ਲਈ ਕੰਮ ਕਰਦੀ ਹੈ, ਜਿਸ ਕੋਲ ਭਾਰਤੀ ਕ੍ਰਿਕਟ ਦੇ ਘਰੇਲੂ ਸੀਜ਼ਨ ਲਈ ਮੀਡੀਆ ਅਧਿਕਾਰ ਹਨ।

ਸਰਨ ਨੇ 21 ਨਵੰਬਰ ਨੂੰ ਜਾਰੀ ਨੋਟਿਸ ‘ਚ ਕਿਹਾ, ”ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੀ.ਸੀ.ਸੀ.ਆਈ. ਦੇ ਆਚਰਣ ਅਫ਼ਸਰ ਨੂੰ ਬੀ.ਸੀ.ਸੀ.ਆਈ. ਦੇ ਨਿਯਮ 38 (1) (ਏ) ਅਤੇ ਨਿਯਮ 38 (2) ਦੀ ਉਲੰਘਣਾ ਦੀ ਸ਼ਿਕਾਇਤ ਮਿਲੀ ਹੈ, ਜੋ ਤੁਹਾਡੇ ਹਿੱਤਾਂ ਦੇ ਟਕਰਾਅ ਨਾਲ ਜੁੜੀ ਹੈ।” ਇਸ ਦੇ ਅਨੁਸਾਰ, ”ਤੁਹਾਨੂੰ 20 ਦਸੰਬਰ 2022 ਨੂੰ ਜਾਂ ਇਸ ਤੋਂ ਪਹਿਲਾਂ ਸ਼ਿਕਾਇਤ ਦਾ ਆਪਣਾ ਲਿਖਤੀ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਜਾਂਦਾ ਹੈ। ਇਸ ਜਵਾਬ ਦੇ ਸਮਰਥਨ ਵਿਚ ਇੱਕ ਹਲਫਨਾਮਾ ਵੀ ਦਾਇਰ ਕੀਤਾ ਜਾਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਬਿੰਨੀ ਅਕਤੂਬਰ ‘ਚ ਬੀ. ਸੀ. ਸੀ. ਆਈ. ਦੇ 36ਵੇਂ ਪ੍ਰਧਾਨ ਬਣੇ ਸਨ। ਉਨ੍ਹਾਂ ਨੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੀ ਜਗ੍ਹਾ ਲਈ ਹੈ। ਬਿੰਨੀ ਨੇ ਭਾਰਤ ਲਈ 27 ਟੈਸਟ ਅਤੇ 72 ਇਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਹਨ।

Add a Comment

Your email address will not be published. Required fields are marked *