ਪੰਜਾਬ ‘ਚ ਸੋਸ਼ਲ ਮੀਡੀਆ ‘ਤੇ ਗੰਨ ਕਲਚਰ ਵਾਲੀਆਂ ਤਸਵੀਰਾਂ ਹਟਾਉਣ ਦੀ ਮੋਹਲਤ ਖ਼ਤਮ

ਜਲੰਧਰ : ਪੰਜਾਬ ’ਚ ਸ਼ੋਸ਼ਲ ਮੀਡੀਆ ’ਤੇ ਗੰਨ ਕਲਚਰ ਵਾਲੀਆਂ ਤਸਵੀਰਾਂ ਹਟਾਉਣ ਦੀ ਪੰਜਾਬ ਪੁਲਸ ਵੱਲੋਂ ਲੋਕਾਂ ਨੂੰ ਦਿੱਤੀ ਗਈ ਮੋਹਲਤ ਅੱਜ ਖ਼ਤਮ ਹੋ ਗਈ ਹੈ। ਇਸ ਲਈ ਪੰਜਾਬ ਪੁਲਸ ਵੱਲੋਂ ਮੰਗਲਵਾਰ ਤੋਂ ਤਸਵੀਰਾਂ ਨਾ ਹਟਾਉਣ ਵਾਲੇ ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਬੀਤੇ ਸ਼ਨੀਵਾਰ ਨੂੰ ਟਵੀਟ ਕਰ ਕੇ ਲੋਕਾਂ ਨੂੰ ਕਿਹਾ ਸੀ ਕਿ ਉਹ ਸੋਸ਼ਲ ਮੀਡੀਆ ਤੋਂ ਆਪਣੀਆਂ ਸਾਰੀਆਂ ਪੁਰਾਣੀਆਂ ਤਸਵੀਰਾਂ ਨੂੰ ਹਟਾਉਣ, ਜੋ ਗੰਨ ਕਲਚਰ ਨੂੰ ਉਤਸ਼ਾਹਿਤ ਕਰਦੀਆਂ ਹਨ। ਡੀ. ਜੀ. ਪੀ. ਨੇ ਇਹ ਕਦਮ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹ ’ਤੇ ਚੁੱਕਿਆ ਸੀ, ਜਿਨ੍ਹਾਂ ਕਿਹਾ ਸੀ ਕਿ ਸੋਸ਼ਲ ਮੀਡੀਆ ’ਤੇ ਜੇਕਰ ਲੋਕਾਂ ਨੇ ਹਥਿਆਰਾਂ ਵਾਲੀਆਂ ਆਪਣੀਆਂ ਤਸਵੀਰਾਂ ਪਾਈਆਂ ਹਨ ਤਾਂ ਉਨ੍ਹਾਂ ਨੂੰ ਹਟਾਉਣ ਲਈ ਕੁੱਝ ਸਮਾਂ ਦਿੱਤਾ ਜਾਣਾ ਚਾਹੀਦਾ ਹੈ।

ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਸਾਈਟਾਂ ਤੋਂ ਅਪਰਾਧਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਹਟਾਉਣ ਲਈ ਕਿਹਾ ਹੈ ਅਤੇ ਇਸ ਲਈ ਪੰਜਾਬ ਪੁਲਸ ਨੇ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਪਿਛਲੇ ਦਿਨੀਂ ਸੂਬੇ ’ਚ ਕੁੱਝ ਲੋਕਾਂ ਖ਼ਿਲਾਫ਼ ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਨੇ ਹਥਿਆਰਾਂ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾਈਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਤਿੰਨ ਦਿਨਾਂ ਦੀ ਮੋਹਲਤ ਖ਼ਤਮ ਹੋ ਗਈ ਹੈ, ਇਸ ਲਈ ਅੱਜ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਸੋਸ਼ਲ ਮੀਡੀਆ ਤੋਂ ਹਥਿਆਰਾਂ ਦੀਆਂ ਤਸਵੀਰਾਂ ਨਾ ਹਟਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਡੀ. ਜੀ. ਪੀ. ਗੌਰਵ ਯਾਦਵ ਨੇ ਪੰਜਾਬ ਪੁਲਸ ਦੀ ਇਕ ਵਿਸ਼ੇਸ਼ ਟੀਮ ਨਿਯੁਕਤ ਕੀਤੀ ਹੈ, ਜੋ ਮੰਗਲਵਾਰ ਤੋਂ ਸੋਸ਼ਲ ਮੀਡੀਆ ’ਤੇ ਸਰਗਰਮ ਰਹੇਗੀ ਅਤੇ ਦੇਖੇਗੀ ਕਿ ਅਜੇ ਵੀ ਕਿਸ-ਕਿਸ ਦੀਆਂ ਸੋਸ਼ਲ ਮੀਡੀਆ ਸਾਈਟਾਂ ’ਤੇ ਪੁਰਾਣੀਆਂ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਦੇ ਆਧਾਰ ’ਤੇ ਹੁਣ ਕੱਲ੍ਹ ਤੋਂ ਹੀ ਐੱਫ. ਆਈ. ਆਰ. ਦਰਜ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਡੀ. ਜੀ. ਪੀ. ਗੌਰਵ ਯਾਦਵ ਨੇ ਦੁਹਰਾਇਆ ਕਿ ਪੰਜਾਬ ’ਚ ਸ਼ਾਂਤੀ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਸੋਸ਼ਲ ਮੀਡੀਆ ’ਤੇ ਕੋਈ ਵੀ ਭੜਕਾਊ ਬਿਆਨ ਦੀ ਵੀਡੀਓ ਅਪਲੋਡ ਨਾ ਕਰੇ।

Add a Comment

Your email address will not be published. Required fields are marked *