ਚੀਨ ਵਿੱਚ ਬੀਬੀਸੀ ਦੇ ਪੱਤਰਕਾਰ ਦੀ ਕੁੱਟਮਾਰ
![](http://mehakewattan.com/wp-content/uploads/2022/11/2022_11largeimg_994229447.jpg)
ਲੰਡਨ, 28 ਨਵੰਬਰ
ਚੀਨ ਵਿਚ ਕੋਵਿਡ ਦੀਆਂ ਪਾਬੰਦੀਆਂ ਵਿਰੁੱਧ ਹੋ ਰਹੇ ਰੋਸ ਮੁਜ਼ਾਹਰਿਆਂ ਦੀ ਕਵਰੇਜ ਕਰ ਰਹੇ ਬੀਬੀਸੀ ਦੇ ਇਕ ਪੱਤਰਕਾਰ ਦੀ ਕੁੱਟਮਾਰ ਕੀਤੀ ਗਈ ਹੈ। ਘਟਨਾ ਸ਼ੰਘਾਈ ਵਿਚ ਵਾਪਰੀ ਹੈ ਤੇ ਪੱਤਰਕਾਰ ਐੱਡ ਲਾਰੈਂਸ ਨੂੰ ਹੱਥਕੜੀ ਵੀ ਲਾਈ ਗਈ। ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ ਨੇ ਇਕ ਬਿਆਨ ਵਿਚ ਇਸ ਘਟਨਾ ਬਾਰੇ ਆਈਆਂ ਰਿਪੋਰਟਾਂ ’ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਰਿਪੋਰਟਾਂ ਮੁਤਾਬਕ ਲਾਰੈਂਸ ਨੂੰ ਪੁਲੀਸ ਨੇ ਲੱਤਾਂ ਮਾਰੀਆਂ ਹਨ ਤੇ ਕੁੱਟਿਆ ਹੈ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਕਈ ਘੰਟਿਆਂ ਬਾਅਦ ਛੱਡਿਆ ਗਿਆ। ਬੀਬੀਸੀ ਨੇ ਕਿਹਾ ਕਿ ਮਾਨਤਾ ਪ੍ਰਾਪਤ ਪੱਤਰਕਾਰ ਹੋਣ ਦੇ ਬਾਵਜੂਦ ਉਸ ਨਾਲ ਇਹ ਸਭ ਕੁਝ ਹੋਇਆ ਹੈ ਜਦਕਿ ਉਹ ਆਪਣਾ ਕੰਮ ਕਰ ਰਿਹਾ ਸੀ। ਬੀਬੀਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਚੀਨ ਦੇ ਪ੍ਰਸ਼ਾਸਨ ਤੋਂ ਅਧਿਕਾਰਤ ਤੌਰ ’ਤੇ ਕੋਈ ਸਪੱਸ਼ਟੀਕਰਨ ਜਾਂ ਮੁਆਫ਼ੀ ਨਹੀਂ ਮਿਲੀ ਹੈ। ਪੱਤਰਕਾਰ ਨੂੰ ਰਿਹਾਅ ਕਰਨ ਵਾਲੇ ਅਧਿਕਾਰੀਆਂ ਨੇ ਮਗਰੋਂ ਦਾਅਵਾ ਕੀਤਾ ਹੈ ਕਿ ਉਸ ਨੂੰ ਕਰੋਨਾ ਹੋਣ ਤੋਂ ਬਚਾਉਣ ਲਈ ਹਿਰਾਸਤ ਵਿਚ ਲਿਆ ਗਿਆ ਸੀ। ਜਦਕਿ ਬਰਤਾਨਵੀ ਪ੍ਰਸਾਰਨ ਸੇਵਾ ਨੇ ਕਿਹਾ ਕਿ ਇਹ ਕੋਈ ਭਰੋਸੇਯੋਗ ਸਪੱਸ਼ਟੀਕਰਨ ਨਹੀਂ ਹੈ।