ਬੱਚਿਆਂ ਨੂੰ ਸੁਆਉਣ ਲਈ ਨਸ਼ੀਲੇ ਪਦਾਰਥ ਵਰਤ ਰਹੇ ਅਫਗ਼ਾਨ ਲੋਕ, ਵੇਚ ਰਹੇ ਅੰਗ ਅਤੇ ਧੀਆਂ

ਕਾਬੁਲ — ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਅਨਾਜ ਸੰਕਟ ਕਾਰਨ ਲੋਕ ਭੁੱਖਮਰੀ ਦੇ ਕੰਢੇ ਪਹੁੰਚ ਗਏ ਹਨ। ਮਾਵਾਂ ਭੁੱਖ ਨਾਲ ਰੋਂਦੇ ਬੱਚਿਆਂ ਲਈ ਦਿਲ ਨੂੰ ਝੰਜੋੜ ਦੇਣ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਦੁਆਵਾਂ ਮੰਗ ਰਹੀਆਂ ਹਨ।  ਮਾਵਾਂ ਪ੍ਰਮਾਤਮਾ ਅੱਗੇ ਬੇਨਤੀ ਕਰ ਰਹੀਆਂ ਹਨ ਕਿ ਉਨ੍ਹਾਂ ਦੇ ਬੱਚੇ ਚੰਗੀ ਤਰ੍ਹਾਂ ਸੌਂਣ ਪਰ ਭੋਜਨ ਦੀ ਮੰਗ ਨਾ ਕਰਨ ਕਿਉਂਕਿ ਖਾਣ ਨੂੰ ਦੇਣ ਲਈ ਇੱਕ ਦਾਣਾ ਵੀ ਨਹੀਂ ਹੈ। ਇੰਨਾ ਹੀ ਨਹੀਂ ਮਾਵਾਂ ਭੁੱਖੇ ਬੱਚਿਆਂ ਨੂੰ ਭੋਜਨ ਨਾ ਮੰਗਣ ਲਈ ਮਜ਼ਬੂਰ ਕਰ ਰਹੀਆਂ ਹਨ, ਇਸ ਲਈ ਉਹ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਚੰਗੀ ਨੀਂਦ ਲਿਆਉਣ ਲਈ ਉਨ੍ਹਾਂ ਨੂੰ ਨੀਂਦ ਦੀ ਦਵਾਈ ਦੇ ਰਹੀਆਂ ਹਨ।

ਅਫਗਾਨਿਸਤਾਨ ਵਿੱਚ ਇਹ ਭਿਆਨਕ ਦ੍ਰਿਸ਼ ਹੁਣ ਆਮ ਹੈ। ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਤੋਂ ਬਾਅਦ ਇਸ ਦੇਸ਼ ਵਿੱਚ ਆਰਥਿਕ, ਸਮਾਜਿਕ, ਮਨੁੱਖੀ ਅਤੇ ਮਨੁੱਖੀ ਅਧਿਕਾਰਾਂ ਦਾ ਸੰਕਟ ਵਧਦਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ (WFP) ਅਨੁਸਾਰ, ਅਫਗਾਨਿਸਤਾਨ ਦੀ ਅੱਧੀ ਆਬਾਦੀ ਭੋਜਨ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਇਸ ਦੇ ਨਾਲ ਹੀ 95 ਫੀਸਦੀ ਆਬਾਦੀ ਕੋਲ ਖਾਣ ਲਈ ਪੂਰਾ ਭੋਜਨ ਨਹੀਂ ਹੈ। ਇਸ ਦੇਸ਼ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 10 ਲੱਖ ਤੋਂ ਵੱਧ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ। ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੇ ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਦੇ ਆਉਣ ਨਾਲ ਅੰਤਰਰਾਸ਼ਟਰੀ ਸਹਾਇਤਾ ਵੀ ਪੂਰੀ ਤਰ੍ਹਾਂ ਖਤਮ ਹੋ ਗਈ ਹੈ।

ਹਿਊਮਨ ਰਾਈਟਸ ਵਾਚ ਦੇ ਮਾਹਿਰਾਂ ਮੁਤਾਬਕ 15 ਅਗਸਤ, 2021 ਤੋਂ ਅਫਗਾਨ ਦੇ ਲੋਕਾਂ ਦੀ ਜ਼ਿੰਦਗੀ ਨਰਕ ਵਰਗੀ ਹੋ ਗਈ ਸੀ। ਇਹ ਦੇਸ਼ ਦੁਨੀਆ ਦੇ ਸਭ ਤੋਂ ਭੈੜੇ ਮਨੁੱਖਤਾਵਾਦੀ ਸੰਕਟਾਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਹੇ ਹਨ ਲੋਕ ਭੁੱਖ ਨਾਲ ਮਰ ਰਹੇ ਹਨ। ਦੇਸ਼ ਵਿੱਚ ਜਿੱਥੇ ਗਰੀਬੀ ਅਤੇ ਭੁੱਖਮਰੀ ਵਧ ਰਹੀ ਹੈ, ਉੱਥੇ ਔਰਤਾਂ ਉੱਤੇ ਸਖ਼ਤ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਫਗਾਨਿਸਤਾਨ ਦੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਪਰਿਵਾਰ ਦੇ ਮੈਂਬਰਾਂ ਕੋਲ ਆਪਣੇ ਬੱਚਿਆਂ ਨੂੰ ਦੇਣ ਲਈ ਰੋਟੀ ਤੱਕ ਨਹੀਂ ਹੈ।
ਭੁੱਖੇ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਆਇਆ ਜਾ ਰਿਹਾ ਹੈ ਤਾਂ ਜੋ ਉਹ ਭੋਜਨ ਦੀ ਮੰਗ ਨਾ ਕਰਨ। ਦੱਸ ਦੇਈਏ ਕਿ ਅਫਗਾਨਿਸਤਾਨ ਵਿਚ 15 ਅਗਸਤ 2021 ਨੂੰ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਲੋਕਾਂ ਅਤੇ ਖਾਸ ਕਰਕੇ ਔਰਤਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ। ਅਫਗਾਨਿਸਤਾਨ ਪਹਿਲਾਂ ਹੀ ਕਈ ਸੰਕਟਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਅਜਿਹੀ ਸਥਿਤੀ ਵਿਚ ਤਾਲਿਬਾਨ ਸ਼ਾਸਨ ਨੇ ਇਸ ਦੇਸ਼ ਦੀ ਹਾਲਤ ਹੋਰ ਵੀ ਖਰਾਬ ਕਰਨ ਦਾ ਕੰਮ ਕੀਤਾ।

Add a Comment

Your email address will not be published. Required fields are marked *