ਸਿੱਖ ਕੌਮ ਨੂੰ ਲੰਗਾਹ ਤੇ ਫੌਜਾ ਸਿੰਘ ਵਰਗੇ ਲੋਕਾਂ ਦੀ ਕੋਈ ਲੋੜ ਨਹੀਂ – ਵਿਦੇਸ਼ੀ ਸਿੱਖ

ਲੰਡਨ – ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸੁੱਚਾ ਲੰਗਾਹ ਵੱਲੋਂ ਔਰਤ ਨਾਲ ਬਜਰ ਕੂਰਹਿਤ ਗੁਨਾਹ ਕਬੂਲ ਕਰਨ ਤੋਂ ਬਾਅਦ ਪੰਜਾਬ ਪੁਲਸ ਨੂੰ ਉਸ ਖਿਲਾਫ਼ ਬਲਾਤਕਾਰ ਦਾ ਪਰਚਾ ਦਰਜ ਕਰਨ ਦਾ ਹੁਕਮ ਜਾਂ ਆਦੇਸ਼ ਜਾਰੀ ਕਰਨਗੇ? ਵਿਦੇਸ਼ੀ ਸਿੱਖਾਂ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਮਰਤਾ ਸਹਿਤ ਬੇਨਤੀ ਕਰ ਮੰਗ ਕੀਤੀ ਹੈ ਕਿ ਜਿਵੇਂ ਸ਼੍ਰੌਮਣੀ ਅਕਾਲੀ ਦਲ ਦੇ ਸਾਬਕਾ ਆਗੂ ਤੇ ਸਾਬਕਾ ਮੰਤਰੀ ਸੁੱਚਾ ਲੰਗਾਹ ਵੱਲੋਂ ਬਜਰ ਕੁਰਹਿਤ ਕਰ ਕੇ ਉਸ ਗੁਨਾਹ ਕਰਨ ਤੇ ਭੁੱਲ ਬਖ਼ਸ਼ਾਉਣ ਲਈ ਅਕਾਲ ਤਖਤ ਸਾਹਿਬ ਵਿਚ ਪੇਸ਼ ਹੋਇਆ ਹੈ ‘ਤੇ ਇਸ ਬਜਰ ਗੁਨਾਹ ਲਈ ਸੰਗਤਾਂ ਸਨਮੁੱਖ ਹੋ ਕੇ ਮਾਫ਼ੀ ਦੀ ਹਾਮੀ ਭਰੀ ਗਈ ਹੈ ਤੇ ਉਸ ਨੂੰ ਧਾਰਮਿਕ ਰੀਤੀ ਮੁਤਾਬਕ ਤਨਖਾਹ ਲਾਈ ਗਈ ਹੈ।

ਉਸੇ ਤਰ੍ਹਾਂ ਦੀ ਇਕ ਗ਼ਲਤੀ ਇੰਗਲੈਂਡ ਵਿੱਚ ਸੰਗਤਾਂ ਸਾਹਮਣੇ ਗੁਰਦੁਆਰਾ ਅਕਾਲ ਬੂੰਗਾ ਦੇ ਸੰਸਥਾਪਕ ਮੁਖੀ ਸੁਰਿੰਦਰ ਸਿੰਘ ਉਰਫ਼ ਬਾਬਾ ਫੌਜਾ ਸਿੰਘ ਵੱਲੋਂ ਕੀਤੀ ਗਈ ਹੈ ਪਰ ਉਹ ਸੰਗਤਾਂ ਸਾਹਮਣੇ ਲਿਖਤੀ ਮੰਨਣ ਤੋਂ ਬਾਅਦ ਪੰਜਾਬ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਮੁੱਕਰ ਗਿਆ। ਉਸ ਦੀਆਂ ਕੀਤੀਆਂ ਗਲਤੀਆਂ ਦੀਆਂ ਅਨੇਕਾਂ ਵੀਡਿਓ ਆਮ ਲੋਕਾਂ ਸਾਹਮਣੇ ਆ ਚੁੱਕੀਆਂ ਹਨ ਤੇ ਉਸ ਨੂੰ ਪੰਥ ਵਿੱਚੋਂ ਛੇਕਣ ਲਈ ਇੰਗਲੈਂਡ ਦੀਆਂ ਸੰਗਤਾਂ ਵੱਲੋਂ ਬੇਨਤੀ ਕੀਤੀ ਗਈ ਹੈ। ਵਿਦੇਸ਼ੀ ਸਿੱਖਾਂ ਦਾ ਮੰਨਣਾ ਹੈ ਕਿ ਦੁਨੀਆ ਵਿੱਚ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਨੇ ਗੁਰੂ ਸਾਹਿਬ ਦੀਆ ਬਖਸ਼ਿਸ਼ਾਂ ਨਾਲ ਆਪਣੀ ਸਖ਼ਤ ਮਿਹਨਤ ਨਾਲ ਵਿਦੇਸ਼ਾਂ ਵਿੱਚ ਵੱਖ-ਵੱਖ ਦੇਸ਼ਾਂ ਦੀ ਤਰੱਕੀ ਤੇ ਸਿੱਖੀਂ ਸਰੂਪ ਵਿੱਚ ਉਚ ਅਹੁਦਿਆਂ ‘ਤੇ ਕੰਮ ਕਰਕੇ ਵਿਸ਼ੇਸ਼ ਯੋਗਦਾਨ ਪਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਲੰਗਾਹ ਤੇ ਫੌਜਾ ਸਿੰਘ ਵਰਗੇ ਲੋਕਾਂ ਦੀ ਕੋਈ ਲੋੜ ਨਹੀਂ ਜਿਹੜੇ ਗਲਤੀਆਂ ਦੇ ਉੱਪਰ ਗਲਤੀਆਂ ਕਰ ਔਰਤਾਂ ਦਾ ਸ਼ੋਸ਼ਣ ਕਰ ਰਹੇ ਹਨ ਤੇ ਤਾਕਤ ਦੇ ਨਸ਼ੇ ਵਿੱਚ ਸੰਗਤਾਂ ਨਾਲ ਦੁਰਵਿਹਾਰ ਕਰ ਰਹੇ ਹਨ।ਅਜਿਹੇ ਲੋਕਾਂ ਕਰਕੇ ਸਿੱਖ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਸਾਬਕਾ ਅਕਾਲੀ ਆਗੂ ਲੰਗਾਹ ਨੂੰ ਪੰਥ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਦੁਨੀਆ ਭਰ ਦੇ ਸਿੱਖ ਸੰਸਥਾਵਾਂ ਤੋਂ ਵਿਚਾਰ ਲਏ ਜਾਣ ਤੇ ਲੰਗਾਹ ਖਿਲਾਫ਼ ਪੰਜਾਬ ਸਰਕਾਰ ਨੂੰ ਹੁਕਮ ਜਾਂ ਆਦੇਸ਼ ਜਾਰੀ ਕਰਕੇ ਕਾਨੂੰਨ ਮੁਤਾਬਕ ਬਲਾਤਕਾਰ ਦਾ ਪਰਚਾ ਦਰਜ ਕਰਵਾਉਣ ਲਈ ਕਿਹਾ ਜਾਵੇ ਤਾਂ ਜੋ ਧਾਰਮਿਕ ਸਜ਼ਾ ਦੇ ਨਾਲ ਕਾਨੂੰਨ ਦੇ ਜ਼ਰੀਏ ਵੀ ਔਰਤਾਂ ‘ਤੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਵਿੱਚ ਕਾਰਵਾਈ ਹੋ ਸਕੇ ਤੇ ਇੰਗਲੈਂਡ ਤੋਂ ਭੱਜ ਪੰਜਾਬ ਪਹੁੰਚੇ ਸੁਰਿੰਦਰ ਸਿੰਘ ਉਰਫ਼ ਫੌਜਾ ਸਿੰਘ ਖਿਲਾਫ਼ ਅਸਲੀਲ ਵੀਡਿਓ ਸਾਹਮਣੇ ਆਉਣ ਕਾਰਨ ਉਚਿਤ ਕਾਰਵਾਈ ਕਰਕੇ ਪੰਥ ਵਿੱਚੋਂ ਛੇਕਿਆ ਜਾਵੇ ਤਾਂ ਜੋ ਸਮੂਹ ਸਿੱਖਾਂ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ‘ਤੇ ਵਿਸ਼ਵਾਸ ਹੋਰ ਮਜ਼ਬੂਤ ਹੋ ਸਕੇ।

Add a Comment

Your email address will not be published. Required fields are marked *