10 ਫੁੱਟ ਦੇ ਅਜਗਰ ਨੇ ‘ਬੱਚੇ’ ਨੂੰ ਜਕੜ ਪੂਲ ‘ਚ ਮਾਰੀ ਛਾਲ, 76 ਸਾਲਾ ਦਾਦੇ ਨੇ ਬਚਾਈ ਜਾਨ

ਸਿਡਨੀ – ਆਸਟ੍ਰੇਲੀਆ ਵਿਚ ਇਕ ਬਜ਼ੁਰਗ ਦੀ ਹਿਮੰਤ ਕਾਰਨ ਉਸ ਦੇ ਪੋਤੇ ਦੀ ਜਾਨ ਬਚ ਗਈ। ਅਸਲ ਵਿਚ ਇੱਥੇ ਇਕ ਅਜਗਰ ਨੇ 5 ਸਾਲ ਦੇ ਬੱਚੇ ‘ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਇਸ ਅਜਗਰ ਨੇ ਬੱਚੇ ਦੇ ਪੈਰ ਫੜ੍ਹ ਲਏ ਅਤੇ ਫਿਰ ਉਸ ਨੂੰ ਲੈ ਕੇ ਨੇੜੇ ਦੇ ਸਵੀਮਿੰਗ ਪੂਲ ‘ਚ ਛਾਲ ਮਾਰ ਦਿੱਤੀ। ਬਾਅਦ ਵਿਚ ਬੜੀ ਮੁਸ਼ਕਲ ਨਾਲ ਬੱਚੇ ਦੇ 76 ਸਾਲਾ ਦਾਦਾ ਅਤੇ ਉਸ ਦੇ ਪਿਤਾ ਨੇ ਮਿਲ ਕੇ ਉਸ ਦੀ ਜਾਨ ਬਚਾਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਅਜਗਰ ਬੱਚੇ ਦੀ ਲੰਬਾਈ ਤੋਂ ਤਿੰਨ ਗੁਣਾ ਵੱਡਾ ਸੀ।

ਮੁੰਡੇ ਬੀਊ ਬਲੇਕ ਦੇ ਪਿਤਾ ਬੇਨ ਬਲੇਕ ਨੇ ਇੱਕ ਸਥਾਨਕ ਰੇਡੀਓ ਸਟੇਸ਼ਨ ਨੂੰ ਦੱਸਿਆ ਕਿ ਉਸ ਦਾ ਪੁੱਤਰ ਘਰ ਵਿੱਚ ਤੈਰਾਕੀ ਦਾ ਆਨੰਦ ਮਾਣ ਰਿਹਾ ਸੀ। ਇਸ ਦੌਰਾਨ ਉਹ ਸਵੀਮਿੰਗ ਪੂਲ ਕੋਲ ਖੜ੍ਹਾ ਸੀ।ਉਦੋਂ ਅਚਾਨਕ ਉੱਥੇ 10 ਫੁੱਟ ਲੰਬੇ ਅਜਗਰ ਨੇ ਉਸ ‘ਤੇ ਹਮਲਾ ਕਰ ਦਿੱਤਾ। ਪਿਤਾ ਬੇਨ ਨੇ ਅੱਗੇ ਦੱਸਿਆ ਕਿ ਇਕ ਵਾਰ ਅਸੀਂ ਜਦੋਂ ਬੀਊ ਦੇ ਪੈਰ ਤੋਂ ਖੂਨ ਸਾਫ਼ ਕੀਤਾ ਅਤੇ ਉਸ ਨੂੰ ਦੱਸਿਆ ਕਿ ਉਹ ਮਰਨ ਵਾਲਾ ਨਹੀਂ ਹੈ ਕਿਉਂਕਿ ਇਹ ਜ਼ਹਿਰੀਲਾ ਸੱਪ ਨਹੀਂ ਸੀ। ਤਾਂ ਕਿਤੇ ਜਾ ਕੇ ਮੇਰੇ ਪੁੱਤਰ ਅਤੇ ਅਸੀਂ ਸਾਰਿਆਂ ਨੇ ਰਾਹਤ ਦਾ ਸਾਹ ਲਿਆ।

PunjabKesari

ਹਮਲਾ ਕਰਨ ਲਈ ਤਿਆਰ ਸੀ ਅਜਗਰ 

ਬੀਊ ਦਾ ਪਰਿਵਾਰ ਨਿਊ ਸਾਊਥ ਵੇਲਜ਼ ਦੇ ਬਾਇਰਨ ਬੇਅ ਦੇ ਤੱਟਵਰਤੀ ਸ਼ਹਿਰ ਵਿੱਚ ਰਹਿੰਦਾ ਹੈ।ਪਿਤਾ ਬੇਨ ਨੇ ਦੱਸਿਆ ਕਿ ਉਸ ਦਾ ਮੁੰਡਾ ਸਵੀਮਿੰਗ ਪੂਲ ਨੇੜੇ ਖੇਡ ਰਿਹਾ ਸੀ। ਉਸ ਨੇ ਕਿਹਾ ਕਿ ਨੇੜਲੇ ਝਾੜੀਆਂ ਵਿੱਚ ਇੱਕ ਅਜਗਰ ਸੀ। ਇੰਝ ਲੱਗਦਾ ਸੀ ਜਿਵੇਂ ਉਹ ਪਹਿਲਾਂ ਹੀ ਕਿਸੇ ‘ਤੇ ਹਮਲਾ ਕਰਨ ਲਈ ਤਿਆਰ ਸੀ। ਕੁਝ ਹੀ ਸਕਿੰਟਾਂ ਵਿੱਚ ਅਜਗਰ ਨੇ ਬੀਊ ਦੀਆਂ ਲੱਤਾਂ ਫੜ ਲਈਆਂ ਅਤੇ ਉਸ ਨੂੰ ਲੈ ਕੇ ਸਵੀਮਿੰਗ ਪੂਲ ‘ਚ ਛਾਲ ਮਾਰ ਦਿੱਤੀ।

ਦਾਦਾ ਜੀ ਨੇ ਤੁਰੰਤ ਪੂਲ ‘ਚ ਮਾਰੀ ਛਾਲ 

ਜਿਵੇਂ ਹੀ ਅਜਗਰ ਨੇ ਬੱਚੇ ਨੂੰ ਫੜ ਕੇ ਪਾਣੀ ‘ਚ ਸੁੱਟਿਆ, ਤੁਰੰਤ ਹੀ 76 ਸਾਲਾ ਦਾਦਾ ਐਲਨ ਬਲੇਕ ਨੇ ਪੂਲ ‘ਚ ਛਾਲ ਮਾਰ ਦਿੱਤੀ। ਬੇਨ ਨੇ ਦੱਸਿਆ ਕਿ ਬਾਅਦ ‘ਚ ਦੋਵਾਂ ਨੇ ਮਿਲ ਕੇ 15-20 ਸਕਿੰਟਾਂ ‘ਚ ਹੀ ਉਸ ਨੂੰ ਸੱਪ ਦੇ ਚੁੰਗਲ ‘ਚੋਂ ਛੁਡਵਾਇਆ। ਇਸ ਤੋਂ ਬਾਅਦ ਬੇਨ ਨੇ ਅਜਗਰ ਨੂੰ ਕਰੀਬ 10 ਮਿੰਟ ਤੱਕ ਫੜ ਕੇ ਰੱਖਿਆ ਅਤੇ ਜੰਗਲ ਵਿੱਚ ਛੱਡਣ ਤੋਂ ਪਹਿਲਾਂ ਆਪਣੇ ਬੱਚਿਆਂ ਅਤੇ ਪਿਤਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਲਾਜ ਮਗਰੋਂ ਬਾਅਦ ‘ਚ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

Add a Comment

Your email address will not be published. Required fields are marked *