ਯੂਕ੍ਰੇਨ ‘ਚ ਹਸਪਤਾਲ ਦੇ ਮੈਟਰਨਿਟੀ ਵਾਰਡ ਉੱਤੇ ਰਾਕੇਟ ਹਮਲਾ

ਕੀਵ – ਦੱਖਣੀ ਯੂਕ੍ਰੇਨ ਦੇ ਇਕ ਹਸਪਤਾਲ ਦੇ ਮੈਟਰਨਿਟੀ ਵਾਰਡ ‘ਤੇ ਰਾਕੇਟ ਹਮਲੇ ਵਿਚ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਯੂਕ੍ਰੇਨੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਮਲਬੇ ਵਿਚੋਂ ਮਾਂ ਅਤੇ ਇਕ ਡਾਕਟਰ ਨੂੰ ਕੱਢਿਆ ਗਿਆ ਹੈ। ਖੇਤਰ ਦੇ ਗਵਰਨਰ ਮੁਤਾਬਕ, ਰਾਕੇਟ ਰੂਸੀ ਸਨ। ਇਹ ਹਮਲਾ ਵਿਲਨਿਯਾਂਸਕ ਸ਼ਹਿਰ ਦੇ ਇਕ ਹਸਪਤਾਲ ਵਿਚ ਹੋਇਆ। ਖੇਤਰੀ ਗਵਰਨਰ ਅਲੈਗਜ਼ੈਂਡਰ ਸਤਾਰੁਖ ਨੇ ਟੈਲੀਗ੍ਰਾਮ ‘ਤੇ ਲਿਖਿਆ, ‘ਰੂਸੀ ਰਾਕਸ਼ਸਾਂ ਨੇ ਰਾਤ ਨੂੰ ਵਿਲਨਿਯਾਂਸਕ ਵਿਚ ਹਸਪਤਾਲ ਦੇ ਮੈਟਰਨਿਟੀ ਵਾਰਡ ‘ਤੇ ਕਈ ਰਾਕੇਟ ਦਾਗੇ…ਇਸ ਹਮਲੇ ਵਿਚ ਇਕ ਬੱਚੇ ਦੀ ਮੌਤ ਹੋ ਗਈ ਜੋ ਅਜੇ ਪੈਦਾ ਹੀ ਹੋਇਆ ਸੀ। ਬਚਾਅ ਕਰਮੀ ਉੱਥੇ ਕੰਮ ਕਰ ਰਹੇ ਹਨ।’

ਉਨ੍ਹਾਂ ਨੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਮਲਬੇ ਵਿਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਸ਼ੁਰੂ ਵਿਚ ਸਟੇਟ ਐਮਰਜੈਂਸੀ ਸੇਵਾ (ਐੱਸ.ਈ.ਐੱਸ.) ਨੇ ਕਿਹਾ ਸੀ ਕਿ ਰੂਸੀ ਹਮਲੇ ਵਿਚ ਇਕ ਬੱਚੇ ਦੀ ਮੌਤ ਹੋ ਗਈ ਅਤੇ ਮਲਬੇ ਵਿਚੋਂ ਮਾਂ ਅਤੇ ਇਕ ਡਾਕਟਰ ਨੂੰ ਕੱਢਿਆ ਗਿਆ ਹੈ। ਉਸ ਸਮੇਂ ਵਾਰਡ ਵਿਚ ਉਹ ਹੀ ਮੌਜੂਦ ਸਨ। ਐੱਸ.ਈ.ਐੱਸ. ਨੇ ਟੈਲੀਗ੍ਰਾਮ ‘ਤੇ ਬਾਅਦ ਵਿਚ ਇਕ ਹੋਰ ਪੋਸਟ ਵਿਚ ਸਪਸ਼ਟ ਕੀਤਾ ਕਿ ਬਚਾਈ ਗਈ ਔਰਤ ਪੀੜਤ ਨਵਜੰਮੇ ਬੱਚੇ ਦੀ ਮਾਂ ਹੈ। ਅਧਿਕਾਰੀਆਂ ਨੇ ਦੱਸਿਆ ਇਸ ਹਮਲੇ ਵਿਚ 2 ਮੰਜ਼ਲਾ ਇਮਾਰਤ ਪੂਰੀ ਤਰ੍ਹਾਂ ਨਸ਼ਟ ਹੋ ਗਈ। ਵਿਲਨਿਯਾਂਸਕ ਯੂਕ੍ਰੇਨ ਦੀ ਰਾਜਧਾਨੀ ਕੀਵ ਤੋਂ ਕਰੀਬ 500 ਕਿਲੋਮੀਟਰ (300 ਮੀਲ) ਦੱਖਣ-ਪੂਰਬ ਵਿਚ ਸਥਿਤ ਹੈ।

Add a Comment

Your email address will not be published. Required fields are marked *