ਸੱਤਾ ’ਚ ਆਉਣ ਲਈ ਯਾਤਰਾ ਕੱਢ ਰਹੇ ਨੇ ਆਗੂ: ਮੋਦੀ

ਸੁਰੇਂਦਰਨਗਰ, 21 ਨਵੰਬਰ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਜਿਹੜੇ ਆਗੂਆਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ, ਉਹ ਮੁੜ ਸੱਤਾ ਹਾਸਲ ਕਰਨ ਲਈ ਹੁਣ ਪੈਦਲ ਮਾਰਚ ਕਰ ਰਹੇ ਹਨ। ਉਨ੍ਹਾਂ ਕਿਸੇ ਦਾ ਨਾਮ ਲਏ ਬਿਨਾਂ ਕਿਹਾ ਕਿ ਗੁਜਰਾਤ ਦੇ ਲੋਕ ਪਦਯਾਤਰਾ ਕੱਢਣ ਵਾਲਿਆਂ ਨੂੰ ਸਜ਼ਾ ਜ਼ਰੂਰ ਦੇਣਗੇ। ਲੋਕ ਨਰਮਦਾ ਪ੍ਰਾਜੈਕਟ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਨਹੀਂ ਬਖ਼ਸਣਗੇ। ਉਨ੍ਹਾਂ ਕਿਹਾ ਕਿ ਗੁਜਰਾਤ ’ਚ ਬਣਿਆ ਲੂਣ ਖਾਣ ਮਗਰੋਂ ਵੀ ਕੁਝ ਲੋਕ ਸੂਬੇ ਨੂੰ ਗਾਲ੍ਹਾਂ ਕੱਢਦੇ ਹਨ। ਸੁਰੇਂਦਰਨਗਰ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਚੋਣਾਂ ਦੌਰਾਨ ਵਿਕਾਸ ਬਾਰੇ ਗੱਲ ਕਰਨ ਦੀ ਬਜਾਏ ਵਿਰੋਧੀ ਧਿਰ ਕਾਂਗਰਸ ਉਨ੍ਹਾਂ ਨੂੰ ‘ਔਕਾਤ’ ਦਿਖਾਉਣ ਦੀ ਗੱਲ ਆਖ ਰਹੀ ਹੈ। ‘ਹੁਣ ਚੋਣਾਂ ਦੌਰਾਨ ਕਾਂਗਰਸ ਵਿਕਾਸ ਬਾਰੇ ਗੱਲ ਨਹੀਂ ਕਰਦੀ ਹੈ। ਇਸ ਦੀ ਬਜਾਏ ਕਾਂਗਰਸ ਆਗੂ ਆਖ ਰਹੇ ਹਨ ਕਿ ਉਹ ਮੋਦੀ ਨੂੰ ਉਸ ਦੀ ਔਕਾਤ ਦਿਖਾਉਣਗੇ। ਉਨ੍ਹਾਂ ਦੇ ਹੰਕਾਰ ਨੂੰ ਦੇਖੋ। ਉਹ ਸ਼ਾਹੀ ਪਰਿਵਾਰ ਨਾਲ ਸਬੰਧਤ ਹਨ ਜਦਕਿ ਮੈਂ ਸਿਰਫ਼ ਇਕ ਸੇਵਕ ਹਾਂ ਜਿਸ ਦੀ ਕੋਈ ਔਕਾਤ ਨਹੀਂ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਉਨ੍ਹਾਂ ਲਈ ਪਹਿਲਾਂ ‘ਨੀਚ ਆਦਮੀ’, ‘ਮੌਤ ਕਾ ਸੌਦਾਗਰ’ ਅਤੇ ‘ਨਾਲੀ ਕਾ ਕੀੜਾ’ ਜਿਹੇ ਸ਼ਬਦ ਵਰਤਦੇ ਰਹੇ ਹਨ। ‘ਔਕਾਤ’ ਦੀ ਖੇਡ ਖੇਡਣ ਦੀ ਬਜਾਏ ਮੈਂ ਉਨ੍ਹਾਂ ਨੂੰ ਵਿਕਾਸ ਬਾਰੇ ਗੱਲ ਕਰਨ ਦੀ ਬੇਨਤੀ ਕਰਦਾ ਹਾਂ। ਮੇਰਾ ਨਿਸ਼ਾਨਾ ਦੇਸ਼ ਨੂੰ ਵਿਕਸਤ ਮੁਲਕ ਬਣਾਉਣਾ ਹੈ ਅਤੇ ਅਜਿਹੀਆਂ ਅਪਮਾਨ ਭਰੀਆਂ ਗੱਲਾਂ ਮੈਂ ਹਜ਼ਮ ਕਰ ਜਾਂਦਾ ਹਾਂ। ਉਨ੍ਹਾਂ ਕਿਹਾ ਕਿ ਸੁਰੇਂਦਰਨਗਰ ਜ਼ਿਲ੍ਹੇ ਦੇ ਲੋਕਾਂ ਨੇ ਪਿਛਲੀਆਂ ਚੋਣਾਂ ’ਚ ਕਾਂਗਰਸ ਨੂੰ ਕੁਝ ਸੀਟਾਂ ਦੇ ਕੇ ਗਲਤੀ ਕੀਤੀ ਸੀ ਪਰ ਉਨ੍ਹਾਂ ਦੇ ਵਿਧਾਇਕਾਂ ਨੇ ਆਪਣੇ ਹਲਕਿਆਂ ਲਈ ਕੁਝ ਵੀ ਨਹੀਂ ਕੀਤਾ ਹੈ। 

Add a Comment

Your email address will not be published. Required fields are marked *