ਗੋਲੀ ਕਾਂਡ ਦੀ ਪੜਤਾਲ ਲਈ ਫੋਰੈਂਸਿਕ ਤੇ ਜਾਂਚ ਅਧਿਕਾਰੀ ਕੋਟਕਪੂਰਾ ਪੁੱਜੇ

ਫ਼ਰੀਦਕੋਟ/ਕੋਟਕਪੂਰਾ, 19 ਨਵੰਬਰ– ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਲਈ ਅੱਜ ਫੋਰੈਂਸਿਕ ਮਾਹਿਰਾਂ ਅਤੇ ਜਾਂਚ ਅਧਿਕਾਰੀਆਂ ਦੀ ਟੀਮ ਕੋਟਕਪੂਰਾ ਪਹੁੰਚੀ ਅਤੇ ਤੱਥਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ। ਉੱਧਰ ਇਸ ਗੋਲੀਕਾਂਡ ਦੀ ਜਾਂਚ ਅਧੂਰੀ ਹੋਣ ਕਾਰਨ ਅੱਜ ਇੱਥੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿੱਚ ਹੋਣ ਵਾਲੀ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਨਹੀਂ ਹੋ ਸਕੀ, ਜਿਸ ਮਗਰੋਂ ਅਦਾਲਤ ਨੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਹੁਣ ਅਗਲੇ ਮਹੀਨੇ ਦੀ 17 ਤਰੀਕ ਤੱਕ ਮੁਲਤਵੀ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਟਕਪੂਰਾ ਗੋਲੀਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਏਡੀਜੀਪੀ ਐੱਲ.ਕੇ. ਯਾਦਵ ਦੀ ਅਗਵਾਈ ਹੇਠ ਅੱਜ ਘਟਨਾ ਸਥਾਨ ਦਾ ਦੌਰਾ ਕੀਤਾ, ਜਿੱਥੇ 14 ਅਕਤੂਬਰ 2015 ਨੂੰ ਗੋਲੀ ਕਾਂਡ ਵਾਪਰਿਆ ਸੀ। ਏਡੀਜੀਪੀ ਐੱਲ.ਕੇ. ਯਾਦਵ ਨਾਲ ਫੋਰੈਂਸਿਕ ਮਾਹਿਰਾਂ ਦੀ ਟੀਮ ਵੀ ਪੁੱਜੀ, ਜਿਸ ਨੇ ਚਸ਼ਮਦੀਦ ਗਵਾਹਾਂ ਗਗਨਦੀਪ ਸਿੰਘ ਤੇ ਅਜੀਤ ਸਿੰਘ ਤੋਂ ਘਟਨਾ ਸਥਾਨ ’ਤੇ ਚੱਲੀਆਂ ਗੋਲੀਆਂ ਦੀਆਂ ਦਿਸ਼ਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਟੀਮ ਨੇ 14 ਅਕਤੂਬਰ ਨੂੰ ਵਾਪਰੇ ਗੋਲੀ ਕਾਂਡ ਦੇ ਸਾਰੇ ਸੀਨ ਨੂੰ ਮੁੜ ਉਸਾਰ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ। ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਸੀਸੀਟੀਵੀ ਕੈਮਰੇ, ਪੁਲੀਸ ਰਿਕਾਰਡ ਅਤੇ ਘਟਨਾ ਸਥਾਨ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਜਾਂਚ ਟੀਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਕੋਟਕਪੂਰਾ ਗੋਲੀਕਾਂਡ ਦੀ ਮੁੜ ਪੜਤਾਲ ਕਰ ਰਹੀ ਹੈ। ਇਸ ਕਾਂਡ ਦੀ ਪੜਤਾਲ ਪਹਿਲਾਂ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਕੀਤੀ ਗਈ ਸੀ, ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਕੋਟਕਪੂਰਾ ਗੋਲੀ ਕਾਂਡ ਵਿੱਚ ਹੋ ਰਹੀ ਪੜਤਾਲ ਦੀ ਪ੍ਰਗਤੀ ਰਿਪੋਰਟ 17 ਦਸੰਬਰ ਨੂੰ ਫ਼ਰੀਦਕੋਟ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤੀ ਜਾਣੀ ਹੈ।

ਉਧਰ ਅਦਾਲਤ ਨੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਹੁਣ ਅਗਲੇ ਮਹੀਨੇ ਦੀ 17 ਤਰੀਕ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ ਤੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਸਮੇਤ ਹੋਰ ਕੋਈ ਵੀ ਮੁਲਜ਼ਮ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਅਦਾਲਤ ਵੱਲੋਂ ਇਸ ਕੇਸ ਵਿੱਚ ਨਾਮਜ਼ਦ ਸਾਰੇ ਮੁਲਜ਼ਮਾਂ ਦੀ ਅੱਜ ਲਈ ਹਾਜ਼ਰੀ ਮੁਆਫ਼ ਕਰ ਦਿੱਤੀ ਗਈ ਹੈ।  

Add a Comment

Your email address will not be published. Required fields are marked *