ਰਾਹੁਲ ਦੇ ਬਿਆਨ ਨਾਲ ਗੱਠਜੋੜ ਟੁੱਟਣ ਦਾ ਖ਼ਤਰਾ: ਸੰਜੈ ਰਾਊਤ

ਮੁੰਬਈ, 18 ਨਵੰਬਰ– ਸ਼ਿਵ ਸੈਨਾ (ਬਾਲਾਸਾਹੇਬ ਠਾਕਰੇ) ਦੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਵੀ ਡੀ ਸਾਵਰਕਰ ਬਾਰੇ ਦਿੱਤੇ ਗਏ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਮਹਾ ਵਿਕਾਸ ਅਗਾੜੀ ਗੱਠਜੋੜ ਟੁੱਟਣ ਦਾ ਖ਼ਤਰਾ ਪੈਦਾ ਹੋ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਮਹਾਰਾਸ਼ਟਰ ’ਚ ਸਾਵਰਕਰ ਨੂੰ ਬਦਨਾਮ ਕਰਨਾ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਵਰਕਰ ਸਤਿਕਾਰਤ ਹਸਤੀ ਹਨ। ਰਾਊਤ ਨੇ ਕਿਹਾ,‘‘ਦੇਸ਼ ਤਾਨਾਸ਼ਾਹੀ ਵੱਲ ਵਧ ਰਿਹਾ ਹੈ ਅਤੇ ਮਹਿੰਗਾਈ, ਬੇਰੁਜ਼ਗਾਰੀ ਅਤੇ ਔਰਤਾਂ ’ਤੇ ਤਸ਼ੱਦਦ ਵੀ ਲਗਾਤਾਰ ਵਧ ਰਹੇ ਹਨ। ਭਾਰਤ ਜੋੜੋ ਯਾਤਰਾ ਦਾ ਮਕਸਦ ਇਨ੍ਹਾਂ ਸਾਰੇ ਮੁੱਦਿਆਂ ਨੂੰ ਉਜਾਗਰ ਕਰਨਾ ਹੈ। ਯਾਤਰਾ ਨੂੰ ਮਹਾਰਾਸ਼ਟਰ ’ਚ ਸਭ ਤੋਂ ਜ਼ਿਆਦਾ ਹਮਾਇਤ ਮਿਲੀ ਹੈ। ਇਸ ਲਈ ਸਾਵਰਕਰ ਦਾ ਮੁੱਦਾ ਉਠਾਉਣ ਦੀ ਕੋਈ ਲੋੜ ਨਹੀਂ ਸੀ। ਮਹਾਰਾਸ਼ਟਰ ਦੇ ਕਾਂਗਰਸ ਆਗੂ ਵੀ ਰਾਹੁਲ ਦੇ ਬਿਆਨ ਨਾਲ ਸਹਿਮਤ ਨਹੀਂ ਹਨ।’’ ਉਧਰ ਭਾਜਪਾ ਆਗੂ ਸੰਬਿਤ ਪਾਤਰਾ ਨੇ ਕਿਹਾ ਕਿ ਸੁਭਾਸ਼ ਚੰਦਰ ਬੋਸ ਅਤੇ ਸਰਦਾਰ ਪਟੇਲ ਜਿਹੀਆਂ ਕੌਮੀ ਹਸਤੀਆਂ ਨੂੰ ਬਦਨਾਮ ਕਰਨ ਦੀ ਕਾਂਗਰਸ ਦੀ ਫਿਤਰਤ ਰਹੀ ਹੈ। ਉਨ੍ਹਾਂ ਰਾਹੁਲ ਗਾਂਧੀ ਵੱਲੋਂ ਸਾਵਰਕਰ ਬਾਰੇ ਦਿੱਤੇ ਗਏ ਬਿਆਨ ਨੂੰ ਅਫ਼ਸੋਸਨਾਕ ਕਰਾਰ ਦਿੰਦਿਆਂ ਮੰਗ ਕੀਤੀ ਕਿ ਉਹ ਬਿਨਾਂ ਸ਼ਰਤ ਮੁਆਫ਼ੀ ਮੰਗਣ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਸਾਵਰਕਰ ਨੇ ਅੰਗਰੇਜ਼ਾਂ ਨੂੰ ਚਿੱਠੀ ਲਿਖ ਕੇ ਮੁਆਫ਼ੀ ਮੰਗੀ ਸੀ ਅਤੇ ਉਨ੍ਹਾਂ ਦੀ ਸਹਾਇਤਾ ਕੀਤੀ ਸੀ।

Add a Comment

Your email address will not be published. Required fields are marked *