ਸਨਮ ਹੱਬਾਸ ਨੂੰ ਮਾਰਨ ਵਾਲੇ ਇਟਲੀ ਪੁਲਸ ਦੇ ਭਗੌੜੇ ਨੂੰ ਪਾਕਿ ਪੁਲਸ ਨੇ ਕੀਤਾ ਕਾਬੂ

ਰੋਮ – ਇਟਲੀ ਦੇ ਪ੍ਰਵਾਸੀਆਂ ਦਾ ਬਹੁ-ਚਰਚਿਤ ਕੇਸ ਪਾਕਿਸਤਾਨੀ ਮੂਲ ਦੀ 18 ਸਾਲਾ ਕੁੜੀ ਸਮਨ ਹੱਬਾਸ ਦਾ ਹੈ, ਜਿਹੜੀ ਕਿ 29 ਅਪ੍ਰੈਲ 2021 ਤੋਂ ਇਟਲੀ ਦੇ ਸੂਬੇ ਇਮਿਲੀਆ ਰੋਮਾਨਾ ਦੇ ਜ਼ਿਲ੍ਹਾ ਰਿਜੋਇਮਿਲੀਆ ਤੋਂ ਲਾਪਤਾ ਹੈ।ਇਟਲੀ ਪੁਲਸ ਅਨੁਸਾਰ ਸਮਨ ਹੱਬਾਸ ਦਾ ਉਸ ਦੇ ਪਰਿਵਾਰ ਨੇ ਕਤਲ ਕਰ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਜਦਕਿ ਪੁਲਸ ਲਾਸ਼ ਲੱਭਣ ਲਈ ਪਿਛਲੇ 18 ਮਹੀਨਿਆਂ ਤੋਂ ਵੀ ਵਧੇਰੇ ਸਮੇਂ ਤੋਂ ਜਿ਼ਲ੍ਹਾ ਰਿਜੋਇਮਿਲੀਆ ਦੇ ਨੇੜੇ ਨੋਵੇਲਾਰਾ ਇਲਾਕੇ ਦੇ ਖੇਤਾਂ ਦੀ ਖਾਕ ਛਾਣ ਰਹੀ ਹੈ ਪਰ ਹੁਣ ਤੱਕ ਇਟਲੀ ਪੁਲਸ ਲਾਪਤਾ ਸਮਨ ਹੱਬਾਸ ਦਾ ਕੋਈ ਸੁਰਾਗ ਨਹੀਂ ਲੱਭ ਸਕੀ।

ਇਟਲੀ ਪੁਲਸ ਨੂੰ ਇਸ ਕੇਸ ਦੇ ਉਲਝੇ ਤਾਣੇ-ਬਾਣੇ ਨੂੰ ਸੁਲਝਾਉਣ ਲਈ ਬਹੁਤ ਮਿਹਨਤ ਕਰਨੀ ਪੈ ਰਹੀ ਹੈ। ਇਸ ਕੇਸ ਨਾਲ ਸੰਬਧਤ ਇੱਕ ਦੋਸ਼ੀ ਨੂੰ ਸਪੇਨ ਤੋਂ ਤੇ ਦੋ ਦੋਸ਼ੀਆਂ ਨੂੰ ਫਰਾਂਸ ਤੋਂ ਕਾਬੂ ਕੀਤਾ ਗਿਆ, ਜਿਹਨਾਂ ਨੂੰ ਇਟਲੀ ਦੀ ਸਥਾਨਕ ਮਾਨਯੋਗ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ ਪਰ ਇਟਲੀ ਪੁਲਸ ਇਸ ਘਟਨਾ ਦੇ ਕਥਿਤ ਮੁੱਖ ਦੋਸ਼ੀ ਉਸ ਦੇ ਮਾਤਾ-ਪਿਤਾ ਨੂੰ ਫੜਨ ਵਿੱਚ ਹਾਲੇ ਤੱਕ ਵੀ ਨਾਕਾਮਯਾਬ ਰਹੀ ਕਿਉਂਕਿ ਮਰਹੂਮ ਦੇ ਮਾਤਾ-ਪਿਤਾ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਟਲੀ ਛੱਡ ਪਾਕਿਸਤਾਨ ਜਾ ਚੁੱਕੇ ਹਨ। 

ਯੂਰਪ ਦੀਆਂ ਅਖ਼ਬਾਰਾਂ ਦੀ ਮੁੱਖ ਸੁਰਖੀ ਬਣੇ ਸਮਨ ਹੱਬਾਸ ਕੇਸ ਵਿੱਚ ਉਸ ਵੇਲੇ ਇਟਲੀ ਪੁਲਸ ਨੂੰ ਕੁਝ ਰਾਹਤ ਮਹਿਸੂਸ ਹੋਈ ਜਦੋਂ ਬੀਤੇ ਦਿਨ ਪਾਕਿਸਤਾਨ ਪੁਲਸ ਨੇ ਪੰਜਾਬ ਸੂਬੇ ਵਿੱਚ ਮਰਹੂਮ ਦੇ ਪਿਤਾ ਇਟਲੀ ਪੁਲਸ ਦੇ ਭਗੌੜਾ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਪੁਲਸ ਦਾ ਕੋਈ ਵਿਰੋਧ ਨਹੀਂ ਕੀਤਾ ਤੇ ਸ਼ਾਂਤਮਈ ਢੰਗ ਨਾਲ ਗ੍ਰਿਫ਼ਤਾਰੀ ਦੇ ਦਿੱਤੀ ਪਰ ਸਮਨ ਦੀ ਮਾਂ ਹਾਲੇ ਵੀ ਭਗੌੜੀ ਹੈ ਤੇ ਉਸ ਦੇ ਪਾਕਿਸਤਾਨ ਵਿੱਚ ਹੀ ਕੀਤੇ ਰੂਪੋਸ਼ ਹੋਣ ਦਾ ਖਦਸਾ ਹੈ ਜਿਸ ਬਾਰੇ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਪੁਲਸ ਜਲਦ ਹੀ ਉਸ ਨੂੰ ਕਾਬੂ ਕਰ ਲਵੇਗੀ।

ਜ਼ਿਕਰਯੋਗ ਹੈ ਕਿ ਮਰਹੂਮ ਸਮਨ ਹੱਬਾਸ ਨੂੰ ਮੌਤ ਦੀ ਸਜ਼ਾ ਉਸ ਦੇ ਪਰਿਵਾਰ ਨੇ ਬੇਦਰਦੀ ਨਾਲ ਇਸ ਲਈ ਦਿੱਤੀ ਕਿਉਂ ਕਿ ਉਹ ਆਪਣੀ ਮਰਜ਼ੀ ਨਾਲ ਇਟਾਲੀਅਨ ਮੁੰਡੇ ਨਾਲ ਵਿਆਹ ਕਰਵਾਉਣ ਚਾਹੁੰਦੀ ਸੀ ਜਦੋਂ ਕਿ ਉਸ ਦਾ ਪਰਿਵਾਰ ਉਸ ਦਾ ਜਬਰੀ ਵਿਆਹ ਪਾਕਿਸਤਾਨ ਵਿੱਚ ਰਿਸ਼ਤੇਦਾਰੀ ਵਿੱਚ ਵਧੇਰੇ ਉਮਰ ਦੇ ਵਿਅਕਤੀ ਨਾਲ ਕਰਨਾ ਚਾਹੁੰਦੇ ਸਨ।ਇਸ ਅਤਿ ਨਿੰਦਣਯੋਗ ਘਟਨਾ ਤੋਂ ਬਾਅਦ ਇਟਲੀ ਦੀ ਇਸਲਾਮਿਕ ਯੂਨੀਅਨ ਨੇ ਜਬਰੀ ਵਿਆਹਾਂ ਨੂੰ ਰੱਦ ਕਰਨ ਦਾ ਫੱਤਵਾ ਜਾਰੀ ਕਰ ਦਿੱਤਾ ਹੈ।

Add a Comment

Your email address will not be published. Required fields are marked *