ਅਜੈ ਮਾਕਨ ਰਾਜਸਥਾਨ ਕਾਂਗਰਸ ਦੇ ਇੰਚਾਰਜ ਵਜੋਂ ਲਾਂਭੇ ਹੋਣ ਦੇ ਇੱਛੁਕ
November 17, 2022
ਨਵੀਂ ਦਿੱਲੀ, 16 ਨਵੰਬਰ-: ਕਾਂਗਰਸ ਦੇ ਸੀਨੀਅਰ ਆਗੂ ਅਜੈ ਮਾਕਨ ਰਾਜਸਥਾਨ ਦਾ ਇੰਚਾਰਜ ਬਣੇ ਰਹਿਣ ਦੇ ਇੱਛੁਕ ਨਹੀਂ ਹਨ। ਵਿਧਾਇਕਾਂ ਵੱਲੋਂ ਸਤੰਬਰ ’ਚ ਬਗ਼ਾਵਤ ਕੀਤੇ ਜਾਣ ਮਗਰੋਂ ਉਹ ਕਾਂਗਰਸ ਵਿਧਾਇਕ ਦਲ ਦੀ ਬੈਠਕ ਕਰਨ ’ਚ ਨਾਕਾਮ ਰਹੇ ਸਨ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ 8 ਨਵੰਬਰ ਨੂੰ ਲਿਖੀ ਚਿੱਠੀ ’ਚ ਮਾਕਨ ਨੇ 25 ਸਤੰਬਰ ਨੂੰ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਥਾਂ ’ਤੇ ਰਾਜਸਥਾਨ ਮਾਮਲਿਆਂ ਦਾ ਕੋਈ ਹੋਰ ਇੰਚਾਰਜ ਥਾਪਿਆ ਜਾਵੇ। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਭਾਰਤ ਜੋੜੋ ਯਾਤਰਾ ਦੇ ਦਸੰਬਰ ਦੇ ਪਹਿਲੇ ਹਫ਼ਤੇ ’ਚ ਰਾਜਸਥਾਨ ’ਚ ਦਾਖ਼ਲ ਹੋਣ ਤੋਂ ਪਹਿਲਾਂ ਇਹ ਘਟਨਾਕ੍ਰਮ ਵਾਪਰਿਆ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਨ੍ਹਾਂ ਦੇ ਸਾਬਕਾ ਡਿਪਟੀ ਸਚਿਨ ਪਾਇਲਟ ਦੀ ਧੜੇਬੰਦੀ ਨੂੰ ਸੁਲਝਾਉਣ ਲਈ ਕਾਂਗਰਸ ਹਾਈ ਕਮਾਨ ਨੇ ਮਾਕਨ ਅਤੇ ਖੜਗੇ ਨੂੰ ਸਤੰਬਰ ’ਚ ਕੇਂਦਰੀ ਅਬਜ਼ਰਵਰ ਵਜੋਂ ਜੈਪੁਰ ਭੇਜਿਆ ਸੀ। ਉਸ ਸਮੇਂ ਮਾਕਨ ਵਿਧਾਇਕਾਂ ਦੀ ਮੀਟਿੰਗ ਕਰਾਉਣ ’ਚ ਨਾਕਾਮ ਰਹੇ ਸਨ।

