ਗੋਲੀਬੰਦੀ ਤੇ ਕੂਟਨੀਤੀ ਹੀ ਯੂਕਰੇਨ ਸੰਕਟ ਦਾ ਹੱਲ: ਮੋਦੀ

15 ਨਵੰਬਰ-: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ-ਯੂਕਰੇਨ ਜੰਗ ਰੋਕਣ ਲਈ ‘ਗੋਲੀਬੰਦੀ ਤੇ ਕੂਟਨੀਤੀ’ ਦੇ ਰਾਹ ਪੈਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸਸਤੇ ਭਾਅ ਰੂਸੀ ਤੇਲ ਤੇ ਗੈਸ ਖਰੀਦਣ ਖਿਲਾਫ਼ ਊਰਜਾ ਸਪਲਾਈ ’ਤੇ ਪਾਬੰਦੀਆਂ/ਰੋਕਾਂ ਲਾਉਣ ਦੇ ਪੱਛਮੀ ਮੁਲਕਾਂ ਦੇ ਸੱਦੇ ਦਾ ਵੀ ਵਿਰੋਧ ਕੀਤਾ। ਇਥੇ ਜੀ-20 ਸਿਖਰ ਵਾਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਵਾਤਾਵਾਰਨ ਤਬਦੀਲੀ, ਕੋਵਿਡ-19 ਮਹਾਮਾਰੀ, ਯੂਕਰੇਨ ’ਚ ਜਾਰੀ ਟਕਰਾਅ ਅਤੇ ਇਸ ਨਾਲ ਜੁੜੀਆਂ ਆਲਮੀ ਮੁਸ਼ਕਲਾਂ ਨੇ ਪੂਰੇ ਵਿਸ਼ਵ ਵਿੱਚ ਤਬਾਹੀ ਮਚਾਈ ਹੋਈ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਆਲਮੀ ਸਪਲਾਈ ਚੇਨਾਂ ਨਿਘਾਰ ਵੱਲ ਹਨ।

ਜੀ-20 ਸਮੂਹ ਦੀ ਪ੍ਰਧਾਨਗੀ ਭਾਰਤ ਨੂੰ ਮਿਲਣ ਦੇ ਹਵਾਲੇ ਨਾਲ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਮੂਹ ਦੇ ਆਗੂ ਮੀਟਿੰਗ ਲਈ ‘ਬੁੱਧ ਤੇ ਗਾਂਧੀ ਦੀ ਪਵਿੱਤਰ ਧਰਤੀ ’ਤੇ ਮਿਲਣਗੇ ਅਤੇ ਅਸੀਂ ਕੁੱਲ ਆਲਮ ਨੂੰ ਅਮਨ ਸ਼ਾਂਤੀ ਬਾਰੇ ਮਜ਼ਬੂਤ ਸੁਨੇਹਾ ਦੇਣ ਲਈ ਸਹਿਮਤ ਹੋਵਾਂਗੇ।’’ ਸਿਖਰ ਵਾਰਤਾ ਦੇ ਖੁਰਾਕ ਤੇ ਊਰਜਾ ਸੁਰੱਖਿਆ ਬਾਰੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਲਮੀ ਮੁਸ਼ਕਲਾਂ ਨਾਲ ਜੁੜੀਆਂ ਉਲਝਣਾਂ ’ਤੇ ਚਾਨਣਾ ਪਾਇਆ। ਸ੍ਰੀ ਮੋਦੀ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਵਾਸਤਵਿਕ ਤੇ ਜ਼ਰੂਰੀ ਵਸਤਾਂ ਦਾ ਸੰਕਟ ਹੈ ਤੇ ਹਰੇਕ ਮੁਲਕ ਦੇ ਗਰੀਬ ਨਾਗਰਿਕਾਂ ਲਈ ਇਹ ਚੁਣੌਤੀ ਅੱਜ ‘ਹੋਰ ਗੰਭੀਰ’ ਹੋ ਗਈ ਹੈ।

ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਦੀ ਊਰਜਾ-ਸੁਰੱਖਿਆ ਆਲਮੀ ਵਿਕਾਸ ਲਈ ਅਹਿਮ ਹੈ ਕਿਉਂਕਿ ਭਾਰਤ ‘ਵਿਸ਼ਵ ਦਾ ਸਭ ਤੋਂ ਤੇਜ਼ੀ ਨਾਲ ਵਧਦਾ ਅਰਥਚਾਰਾ’ ਹੈ।

ਸ੍ਰੀ ਮੋਦੀ ਨੇ ਜੀ-20 ਦੇ ਸਿਖਰਲੇ ਆਗੂਆਂ ਅਮਰੀਕੀ ਸਦਰ ਜੋਅ ਬਾਇਡਨ ਤੇ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਮੌਜੂਦਗੀ ਵਿੱਚ ਕਿਹਾ, ‘‘ਅਸੀਂ ਊਰਜਾ ਸਪਲਾਈ ’ਤੇ ਰੋਕਾਂ ਦਾ ਪ੍ਰਚਾਰ ਪਾਸਾਰ ਨਾ ਕਰੀਏ ਤੇ ਊਰਜਾ ਮਾਰਕੀਟ ਵਿੱਚ ਸਥਿਰਤਾ ਯਕੀਨੀ ਬਣਾਈ ਜਾਵੇ।’’ ਕਾਬਿਲੇਗੌਰ ਹੈ ਕਿ ਮਾਸਕੋ ਵੱਲੋਂ ਯੂਕਰੇਨ ’ਤੇ ਹਮਲੇ ਦੇ ਮੱਦੇਨਜ਼ਰ ਪੱਛਮੀ ਮੁਲਕਾਂ ਨੇ ਰੂਸ ਨੂੰ ਆਰਥਿਕ ਸੱਟ ਮਾਰਨ ਦੇ ਇਰਾਦੇ ਨਾਲ ਰੂਸੀ ਤੇਲ ਅਤੇ ਗੈਸ ਦੀ ਖਰੀਦ ਨਾ ਕੀਤੇ ਜਾਣ ਦਾ ਸੱਦਾ ਦਿੱਤਾ ਸੀ। ਭਾਰਤ ਆਪਣੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਰੂਸ ਤੋਂ ਕਿਫਾਇਤੀ ਦਰਾਂ ’ਤੇ ਕੱਚਾ ਤੇਲ ਖਰੀਦ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਵੱਛ ਊਰਜਾ ਤੇ ਵਾਤਾਵਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ‘‘2030 ਤੱਕ ਸਾਡੀ ਅੱਧੀ ਬਿਜਲੀ ਨਵਿਆਉਣਯੋਗ ਸਰੋਤਾਂ ਤੋਂ ਪੈਦਾ ਹੋਵੇਗੀ। ਸਮਾਂਬੱਧ ਅਤੇ ਕਿਫਾਇਤੀ ਵਿੱਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਤਕਨਾਲੋਜੀ ਦੀ ਟਿਕਾਊ ਸਪਲਾਈ ਸਮਾਵੇਸ਼ੀ ਊਰਜਾ ਤਬਦੀਲੀ ਲਈ ਜ਼ਰੂਰੀ ਹੈ।’’ ਯੂਕਰੇਨ ਟਕਰਾਅ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਸੰਕਟ ਨੂੰ ਗੱਲਬਾਤ ਜ਼ਰੀਏ ਹੱਲ ਕਰਨ ਦੇ ਆਪਣੇ ਪਿਛਲੇ ਸੱਦਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ, ‘‘ਮੈਂ ਵਾਰ ਵਾਰ ਕਿਹਾ ਹੈ ਕਿ ਸਾਨੂੰ ਯੂਕਰੇਨ ਵਿੱਚ ਗੋਲੀਬੰਦੀ ਤੇ ਕੂਟਨੀਤੀ ਦੇ ਰਾਹ ’ਤੇ ਪੈਣ ਦਾ ਢੰਗ ਤਰੀਕਾ ਲੱਭਣਾ ਹੋਵੇਗਾ। ਪਿਛਲੀ ਸਦੀ ਦੌਰਾਨ ਦੂਜੀ ਆਲਮੀ ਜੰਗ ਨੇ ਵਿਸ਼ਵ ਵਿੱਚ ਤਬਾਹੀ ਮਚਾਈ ਸੀ। ਮਗਰੋਂ ਉਸ ਸਮੇਂ ਦੇ ਆਗੂਆਂ ਨੇ ਅਮਨ ਦੇ ਰਾਹ ਪੈਣ ਲਈ ਸੰਜੀਦਾ ਯਤਨ ਕੀਤੇ ਸਨ। ਹੁਣ ਸਾਡੀ ਵਾਰੀ ਹੈ। ਕਰੋਨਾ ਕਾਲ ਮਗਰੋਂ ਨਵੇਂ ਵਿਸ਼ਵ ਦੀ ਸਿਰਜਣਾ ਦਾ ਭਾਰ ਸਾਡੇ ਮੋਢਿਆਂ ’ਤੇ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਵਿੱਚ ਸ਼ਾਂਤੀ, ਸਦਭਾਵਨਾ ਤੇ ਸੁਰੱਖਿਆ ਯਕੀਨੀ ਬਣਾਉਣ ਲਈ ‘ਠੋਸ ਤੇ ਸਾਂਝੇ ਸੰਕਲਪ’ ਸਮੇਂ ਦੀ ਲੋੜ ਹਨ। ਉਨ੍ਹਾਂ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ਅਗਲੇ ਸਾਲ ਜਦੋਂ ਜੀ-20 ਮੀਟਿੰਗ ਬੁੱਧ ਤੇ ਗਾਂਧੀ ਦੀ ਪਵਿੱਤਰ ਧਰਤੀ ’ਤੇ ਹੋਵੇਗੀ, ਤਾਂ ਅਸੀਂ ਕੁਲ ਆਲਮ ਨੂੰ ਸ਼ਾਂਤੀ ਦਾ ਮਜ਼ਬੂਤ ਸੁਨੇਹਾ ਦੇਣ ਲਈ ਸਹਿਮਤ ਹੋਵਾਂਗੇ।’’ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਜੀ-20 ਵਿੱਚ ਆਪਣੀ ਪ੍ਰਧਾਨਗੀ ਦੌਰਾਨ ਸਾਰੇ ਅਹਿਮ ਮੁੱਦਿਆਂ ’ਤੇ ਆਲਮੀ ਸਹਿਮਤੀ ਬਣਾਉਣ ਲਈ ਕੰਮ ਕਰੇਗਾ। ਸ੍ਰੀ ਮੋਦੀ  ਨੇ ਸੰਬੋਧਨ ਵਿੱਚ ਭਾਰਤ ਵੱਲੋਂ ਕਰੋਨਾ ਦੌਰਾਨ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਕੀਤੇ ਯਤਨਾਂ ’ਤੇ ਚਾਨਣਾ ਪਾਇਆ। 

ਉਨ੍ਹਾਂ ਕਿਹਾ ਕਿ ਮਹਾਮਾਰੀ ਦਰਮਿਆਨ ਭਾਰਤ ਨੇ 1.3 ਅਰਬ ਨਾਗਰਿਕਾਂ ਲਈ ਖੁਰਾਕ ਸੁਰੱਖਿਆ ਯਕੀਨੀ ਬਣਾਈ ਤੇ ਉਸੇ ਸਮੇਂ ਕਈ ਮੁਲਕਾਂ ਨੂੰ ਲੋੜ ਪੈਣ ’ਤੇ ਖੁਰਾਕੀ ਅਨਾਜ ਵੀ ਸਪਲਾਈ ਕੀਤਾ। ਸ੍ਰੀ ਮੋਦੀ ਨੇ ਕਿਹਾ, ‘‘ਅੱਜ ਦਾ ਯੂਰੀਆ  ਸੰਕਟ ਭਲਕ ਦਾ ਖੁਰਾਕ ਸੰਕਟ ਹੈ,  ਜਿਸ ਦਾ ਕੁੱਲ ਆਲਮ ਕੋਲ ਕਈ ਉਪਾਅ ਨਹੀਂ ਹੋਵੇਗਾ।’’

Add a Comment

Your email address will not be published. Required fields are marked *