ਗਲੋਬਲ ਪੱਧਰ ’ਤੇ ਕ੍ਰਿਪਟੋ ’ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਲੱਗਾ ਭਾਰੀ ਝਟਕਾ

ਨਵੀਂ ਦਿੱਲੀ – ਵਿਸ਼ਵ ’ਚ ਕ੍ਰਿਪਟੋ ਕਰੰਸੀ ’ਚ ਆਈ ਵੱਡੀ ਗਿਰਾਵਟ ਕਾਰਨ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਹੈ, ਉੱਥੇ ਹੀ ਭਾਰਤ ’ਚ ਇਸ ਦਾ ਖਾਸ ਅਸਰ ਨਹੀਂ ਹੋਇਆ ਹੈ। ਇਸ ਦਾ ਸਿਹਰਾ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਖਤ ਰੁਖ ਨੂੰ ਜਾਂਦਾ ਹੈ। ਆਰ. ਬੀ. ਆਈ. ਨੇ ਕ੍ਰਿਪਟੋ ਕਰੰਸੀ ਨੂੰ ਮਾਨਤਾ ਦੇਣ ਤੋਂ ਵਾਰ-ਵਾਰ ਇਨਕਾਰ ਕਰਦਾ ਰਿਹਾ ਹੈ ਅਤੇ ਉਸ ਨੇ ਇਸ ’ਚ ਲੈਣ-ਦੇਣ ਨੂੰ ਲੈ ਕੇ ਅਪੀਲ ਵੀ ਕੀਤੀ ਹੈ। ਉੱਥੇ ਹੀ ਸਰਕਾਰ ਨੇ ਕ੍ਰਿਪਟੋ ਲੈਣ-ਦੇਣ ਦੀ ਮੰਗ ਨੂੰ ਘੱਟ ਕਰਨ ਲਈ ਟੈਕਸ ਦਾ ਰਸਤਾ ਚੁਣਿਆ ਹੈ। ਕ੍ਰਿਪਟੋ ਕਰੰਸੀ ਦਾ ਬਾਜ਼ਾਰ 2021 ’ਚ ਤਿੰਨ ਹਜ਼ਾਰ ਅਰਬ ਡਾਲਰ ਦਾ ਸੀ, ਜਿਸ ਦਾ ਕੁੱਲ ਬਾਜ਼ਾਰ ਮੁੱਲ ਹੁਣ ਇਕ ਹਜ਼ਾਰ ਅਰਬ ਡਾਲਰ ਤੋਂ ਵੀ ਘੱਟ ਰਹਿ ਗਿਆ ਹੈ।

ਹਾਲਾਂਕਿ ਭਾਰਤੀ ਨਿਵੇਸ਼ਕ ਇਸ ਤੋਂ ਕਾਫੀ ਹੱਦ ਤੱਕ ਬਚੇ ਰਹੇ ਹਨ ਜਦ ਕਿ ਬਹਾਮਾਸ ਦਾ ਐੱਫ. ਟੀ. ਐਕਸ. ਬਾਜ਼ਾਰ ਲੋਕਾਂ ਵਲੋਂ ਵਿਕਰੀ ਤੋਂ ਬਾਅਦ ਦਿਵਾਲੀਆ ਹੋ ਗਿਆ ਹੈ। ਭਾਰਤ ’ਚ ਆਰ. ਬੀ. ਆਈ. ਪਹਿਲੇ ਦਿਨ ਤੋਂ ਹੀ ਕ੍ਰਿਪਟੋ ਕਰੰਸੀ ਦਾ ਵਿਰੋਧ ਕਰ ਰਿਹਾ ਹੈ ਜਦ ਕਿ ਸਰਕਾਰ ਸ਼ੁਰੂ ’ਚ ਇਕ ਕਾਨੂੰਨ ਲਿਆ ਕੇ ਅਜਿਹੇ ਮਾਧਿਅਮ ਨੂੰ ਰੈਗੂਲਰ ਕਰਨ ਦਾ ਵਿਚਾਰ ਕਰ ਰਹੀ ਸੀ। ਹਾਲਾਂਕਿ ਸਰਕਾਰ ਬਹੁਤ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਨਤੀਜੇ ’ਤੇ ਪਹੁੰਚੀ ਕਿ ਵਰਚੁਅਲ ਕਰੰਸੀਆਂ ਦੇ ਸਬੰਧ ’ਚ ਗਲੋਬਲ ਸਹਿਮਤੀ ਦੀ ਲੋੜ ਹੈ ਕਿਉਂਕਿ ਇਹ ਲਿਮਿਟਲੈੱਸ ਹਨ ਅਤੇ ਇਸ ’ਚ ਸ਼ਾਮਲ ਜੋਖਮ ਬਹੁਤ ਵੱਧ ਹਨ। ਆਰ. ਬੀ. ਆਈ. ਮੁਤਾਬਕ ਕ੍ਰਿਪਟੋ ਕਰੰਸੀ ਨੂੰ ਵਿਸ਼ੇਸ਼ ਤੌਰ ’ਤੇ ਨਿਯਮਿਤ ਵਿੱਤੀ ਪ੍ਰਣਾਲੀ ਤੋਂ ਬਚ ਕੇ ਨਿਕਲ ਜਾਣ ਲਈ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਉਨ੍ਹਾਂ ਦੇ ਨਾਲ ਸਾਵਧਾਨੀ ਵਰਤਣ ਲਈ ਲੋੜੀਂਦਾ ਕਾਰਨ ਹੋਣਾ ਚਾਹੀਦਾ ਹੈ।

Add a Comment

Your email address will not be published. Required fields are marked *