ਕੱਚੇ ਤੇਲ ਦੀ ਦਰਾਮਦ ਅਤੇ ਪ੍ਰਦੂਸ਼ਣ ਘਟਾਉਣ ਲਈ ਬਦਲਵੇਂ ਈਂਧਨ ਦੀ ਵਰਤੋਂ ਜ਼ਰੂਰੀ : ਗਡਕਰੀ

ਮੁੰਬਈ –ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵਾਹਨਾਂ ਲਈ ਬਦਲਵੇਂ ਈਂਧਨ ਦੀ ਵਰਤੋਂ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੱਚੇ ਤੇਲ ਦੀ ਦਰਾਮਦ ’ਚ ਕਮੀ ਅਤੇ ਨਾਲ ਹੀ ਪ੍ਰਦੂਸ਼ਣ ’ਚ ਕਟੌਤੀ ਲਈ ਇਨ੍ਹਾਂ ਵਾਹਨਾਂ ਨੂੰ ਬੜ੍ਹਾਵਾ ਦਿੱਤਾ ਜਾਣਾ ਚਾਹੀਦਾ ਹੈ। ਗਡਕਰੀ ਨੇ ਕਿਹਾ ਕਿ ਦੇਸ਼ ’ਚ 35 ਫੀਸਦੀ ਪ੍ਰਦੂਸ਼ਣ ਡੀਜ਼ਲ ਅਤੇ ਪੈਟਰੋਲ ਕਾਰਨ ਹੁੰਦਾ ਹੈ, ਇਸ ਲਈ ਸਾਨੂੰ ਇੰਪੋਰਟ ਮੁਕਤ, ਲਾਗਤ ਪ੍ਰਭਾਵੀ, ਪ੍ਰਦੂਸ਼ਣ ਰਹਿਤ ਅਤੇ ਸਵਦੇਸ਼ੀ ਉਤਪਾਦਾਂ ਦੀ ਲੋੜ ਹੈ।

ਦੇਸ਼ ਦੀ ਪਹਿਲੀ ਇਲੈਕਟ੍ਰਿਕ ਡਬਲ-ਡੈਕਰ ਏਅਰ ਕੰਡੀਸ਼ਨਡ ਬੱਸ ਨੂੰ ਉਤਾਰੇ ਜਾਣ ਮੌਕੇ ਗਡਕਰੀ ਨੇ ਕਿਹਾ ਕਿ ਡੀਜ਼ਲ ਵਾਹਨਾਂ ਦੀ ਤੁਲਨਾ ’ਚ ਇਲੈਕਟ੍ਰਿਕ ਵਾਹਨ ਬਹੁਤ ਜ਼ਿਆਦਾ ਲਾਗਤ ਪ੍ਰਭਾਵੀ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਕੱਚੇ ਤੇਲ ਦੀ ਦਰਾਮਦ ਇਕ ਵੱਡੀ ਚੁਣੌਤੀ ਹੈ। ਜਿਸ ਤਰ੍ਹਾਂ ਦਰਾਂ ਵਧਾਈਆਂ ਜਾ ਰਹੀਆਂ ਹਨ, ਅਸੀਂ ਇਸ ਚੁਣੌਤੀ ਨੂੰ ਪਹਿਲਾਂ ਹੀ ਮਹਿਸੂਸ ਕਰ ਰਹੇ ਹਾਂ। ਆਮ ਆਦਮੀ ਲਈ ਵੀ ਇਹ ਬਹੁਤ ਮੁਸ਼ਕਲ ਹੈ।

ਗਡਕਰੀ ਨੇ ਕਿਹਾ ਕਿ ਵਾਹਨ ਖੇਤਰ ਲਈ ਬਿਜਲੀ, ਈਥੇਨਾਲ, ਮੀਥੇਨਾਲ, ਬਾਇਓ-ਡੀਜ਼ਲ, ਬਾਇਓ ਸੀ. ਐੱਨ. ਜੀ., ਬਾਇਓ -ਐੱਲ. ਐੱਨ. ਜੀ. ਅਤੇ ਹਾਈਡ੍ਰੋਜ ਵਰਗੇ ਬਦਲ ਈਂਧਨ ਦਾ ਇਸਤੇਮਾਲ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਵਾਹਨ ਉਦਯੋਗ ਦਾ ਮੌਜੂਦਾ ਆਕਾਰ 7.5 ਲੱਖ ਕਰੋੜ ਰੁਪਏ ਹੈ ਅਤੇ ਇਸ ’ਚ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਵੱਧ ਤੋਂ ਵੱਧ ਟੈਕਸ ਦੇਣ ਦੇ ਨਾਲ ਹੀ ਵੱਧ ਤੋਂ ਵੱਧ ਰੁਜ਼ਗਾਰ ਦੇਣ ਦੀ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਸੁਪਨਾ 2024 ਦੇ ਅਖੀਰ ਤੱਕ ਇਸ ਉਦਯੋਗ ਨੂੰ 15 ਲੱਖ ਕਰੋੜ ਰੁਪਏ ਦਾ ਬਣਾਉਣਾ ਹੈ ਅਤੇ ਇਹ ਸੰਭਵ ਹੈ।

Add a Comment

Your email address will not be published. Required fields are marked *