ਹਾਕੀ ਇੰਡੀਆ ਦੀਆਂ ਚੋਣਾਂ 9 ਅਕਤੂਬਰ ਤੋਂ ਪਹਿਲਾਂ ਹੋਣਗੀਆਂ: ਐੱਫਆਈਐੱਚ

ਲੁਸਾਨੇ:ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਅਤੇ ਪ੍ਰਸ਼ਾਸਕਾਂ ਦੀ ਕਮੇਟੀ ਨੇ ਹਾਕੀ ਇੰਡੀਆ ਦੀਆਂ ਚੋਣਾਂ 9 ਅਕਤੂਬਰ ਤੋਂ ਪਹਿਲਾਂ ਕਰਵਾਉਣ ਅਤੇ ਲਈ ਸੋਧੇ ਸੰਵਿਧਾਨ ਦਾ ਖਰੜਾ ਅਗਲੇ ਦਸ ਦਿਨਾਂ ਵਿੱਚ ਜਮ੍ਹਾਂ ਕਰਵਾਉਣ ’ਤੇ ਸਹਿਮਤੀ ਜਤਾਈ ਹੈ। ਇਸ ਐਲਾਨ ਨਾਲ ਐੱਫਆਈਐੱਚ ਨੇ ਅਗਲੇ ਸਾਲ ਹੋਣ ਵਾਲੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਸਬੰਧੀ ਅਟਕਲਾਂ ਵੀ ਠੱਲ੍ਹ ਦਿੱਤੀਆਂ ਹਨ। ਐੱਫਆਈਐੱਚ ਦੇ ਵਫ਼ਦ ਨੇ ਕਿਹਾ ਕਿ ਸੀਓਏ, ਖੇਡ ਮੰਤਰਾਲੇ ਅਤੇ ਵਿਸ਼ਵ ਕੱਪ ਦੀ ਮੇਜ਼ਬਾਨ ਉੜੀਸਾ ਸਰਕਾਰ ਦੇ ਆਲ੍ਹਾ ਅਧਿਕਾਰੀਆਂ ਨਾਲ ਮੁਲਾਕਾਤ ਸਾਰਥਕ ਰਹੀ। ਐੱਫਆਈਐੱਚ ਵਫ਼ਦ ਵਿੱਚ ਕਾਰਜਕਾਰੀ ਪ੍ਰਧਾਨ ਸੈਫ਼ ਅਹਿਮਦ ਅਤੇ ਸੀਈਓ ਥਿਏਰੀ ਵੀਲ ਸ਼ਾਮਲ ਸਨ। ਮੀਟਿੰਗ ਮਗਰੋਂ ਐੱਫਆਈਐੱਚ ਤੇ ਸੀਓਏ ਨੇ ਸਾਂਝੇ ਬਿਆਨ ਵਿੱਚ ਕਿਹਾ, ‘‘ਮੀਟਿੰਗ ਵਿੱਚ ਐੱਫਆਈਐੱਚ ਵੱਲੋਂ ਰੱਖੇ ਗਏ ਦੋ ਅਹਿਮ ਮਸਲਿਆਂ ’ਤੇ ਸੀਓਏ ਨੇ ਜਵਾਬ ਦਿੱਤਾ। ਪਹਿਲਾ ਹਾਕੀ ਇੰਡੀਆ ਦੇ ਸੋਧੇ ਸੰਵਿਧਾਨ ਦਾ ਪਹਿਲਾ ਖਰੜਾ ਅੱਜ ਐੱਫਆਈਐੱਚ ਨੂੰ ਸੌਂਪਿਆ ਗਿਆ। ਇਸ ਦੇ ਨਾਲ ਹੀ ਅੰਤਿਮ ਖਰੜਾ ਅਗਲੇ ਦਸ ਦਿਨਾਂ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ।’’ ਬਿਆਨ ਵਿੱਚ ਕਿਹਾ ਗਿਆ, ‘‘ਇਸ ਦੇ ਨਾਲ ਹੀ ਹਾਕੀ ਇੰਡੀਆ ਦੀਆਂ ਚੋਣਾਂ 9 ਅਕਤੂਬਰ 2022 ਤੋਂ ਪਹਿਲਾਂ ਕਰਵਾਉਣ ਦਾ ਫੈਸਲਾ ਆਪਸੀ ਸਹਿਮਤੀ ਨਾਲ ਕੀਤਾ ਗਿਆ।’’ ਹਾਕੀ ਇੰਡੀਆ ਦੇ ਮਾਮਲੇ ’ਤੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਸਬੰਧੀ ਅਹਿਮਦ ਨੇ ਕਿਹਾ, ‘‘ਅਸੀਂ ਅਦਾਲਤ ਨੂੰ ਤੀਜੀ ਧਿਰ ਨਹੀ ਮੰਨਦੇ ਅਤੇ ਅਸੀਂ ਨਿਆਂਪਾਲਿਕਾ ਦਾ ਸਨਮਾਨ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਅਦਾਲਤ ਦਾ ਫ਼ੈਸਲਾ ਦਖਲ ਨਹੀਂ ਹੈ।’’

Add a Comment

Your email address will not be published. Required fields are marked *