ਫਗਵਾੜਾ ਨਾਲ ਸਬੰਧ ਰੱਖਣ ਵਾਲੇ ਸੁਰਿੰਦਰਪਾਲ ਰਾਠੌਰ ਕੈਨੇਡਾ ‘ਚ ਬਣੇ ਮੇਅਰ

 ਕੈਨੇਡਾ ਵਸਦੇ ਪੰਜਾਬੀਆਂ ਨੇ ਉਚੇ ਅਹੁਦਿਆਂ ‘ਤੇ ਪਹੁੰਚ ਕੇ ਭਾਈਚਾਰੇ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਹੁਣ ਪੰਜਾਬ ਦੇ ਫਗਵਾੜਾ ਦੇ ਕਰਨਲ ਦਾ ਪੁੱਤਰ ਕੈਨੇਡਾ ਵਿਚ ਮੇਅਰ ਬਣਿਆ ਹੈ। ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਸੁਰਿੰਦਰਪਾਲ ਰਾਠੌਰ ਨੇ ਸਕਾਰਾਤਮਕ ਸੋਚ ਅਤੇ ਦ੍ਰਿੜ ਇਰਾਦੇ ਨਾਲ ਵਿਲੀਅਮ ਲੇਕ ਸਿਟੀ ਦੇ ਮੇਅਰ ਦਾ ਅਹੁਦਾ ਹਾਸਲ ਕੀਤਾ। ਆਪਣੇ 22 ਸਾਲਾਂ ਦੇ ਸਿਆਸੀ ਕਰੀਅਰ ਨੂੰ ਜਾਰੀ ਰੱਖਣ ਤੋਂ ਬਾਅਦ ਉਹ ਮੇਅਰ ਦੇ ਅਹੁਦੇ ‘ਤੇ ਪਹੁੰਚੇ। ਰਾਠੌਰ ਅਨੁਸਾਰ ਕੈਨੇਡਾ ਵਿਚ ਕਿਸੇ ਵੀ ਭਾਰਤੀ ਨੇ ਇੰਨੇ ਲੰਬੇ ਸਮੇਂ ਤੱਕ ਸਿਆਸੀ ਤੌਰ ‘ਤੇ ਯਾਤਰਾ ਨਹੀਂ ਕੀਤੀ।

ਉਹਨਾਂ ਦੱਸਿਆ ਕਿ ਉਹਨਾਂ ਦੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੋਈ ਸੀ ਅਤੇ ਇਸ ਦੌਰਾਨ ਉਹਨਾਂ ਨੇ ਕਈ ਉਤਰਾਅ-ਚੜ੍ਹਾਅ ਦੇਖੇ ਪਰ ਉਹ ਸਕਾਰਾਤਮਕ ਸੋਚ ਨਾਲ ਅੱਗੇ ਵਧਦੇ ਰਹੇ। ਸੁਰਿੰਦਰਪਾਲ ਰਾਠੌਰ ਦੇ ਪਿਤਾ ਕਰਨਲ ਅਵਤਾਰ ਸਿੰਘ ਭਾਰਤੀ ਫ਼ੌਜ ਵਿਚ ਭਰਤੀ ਹੋਣ ਤੋਂ ਬਾਅਦ ਅੰਬਾਲਾ ਵਿਚ ਤਾਇਨਾਤ ਸਨ। ਸੁਰਿੰਦਰਪਾਲ ਰਾਠੌਰ ਨੇ ਦੱਸਿਆ ਕਿ ਉਹਨਾਂ ਅੰਬਾਲਾ ਕੈਂਟ ਦੇ ਸਨਾਤਨ ਧਰਮ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਫਿਰ ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ ਵਿਚ ਦਾਖਲਾ ਲਿਆ ਪਰ ਇੱਥੇ ਉਹਨਾਂ ਨੂੰ ਆਪਣੀ ਪੜ੍ਹਾਈ ਅਧੂਰੀ ਛੱਡਣੀ ਪਈ।

ਸੁਰਿੰਦਰਪਾਲ ਰਾਠੌਰ ਨੇ ਦੱਸਿਆ ਕਿ ਪਿਤਾ ਦੇ ਫੌਜ ਵਿਚ ਹੋਣ ਕਾਰਨ ਉਸ ਨੂੰ ਜੀਵਨ ਦੇ ਸ਼ੁਰੂ ਤੋਂ ਹੀ ਭਾਰਤੀ ਫ਼ੌਜ ਨਾਲ ਡੂੰਘਾ ਲਗਾਅ ਹੈ। ਉਹ ਅਕਸਰ ਆਪਣੇ ਪਿਤਾ ਨਾਲ ਫ਼ੌਜ ਦੇ ਕੰਮਕਾਜ ਅਤੇ ਹੋਰ ਪਹਿਲੂਆਂ ਬਾਰੇ ਗੱਲ ਕਰਦੇ ਰਹਿੰਦੇ ਸਨ। ਸੁਰਿੰਦਰਪਾਲ ਰਾਠੌਰ ਕੈਨੇਡਾ ਦੀ ਸਿਟੀ ਆਫ ਵਿਲੀਅਮ ਲੇਕ ਵਿਚ ਸਾਲ 1974 ਵਿਚ ਪਹੁੰਚ ਗਏ ਸਨ। ਇੱਥੇ ਉਹਨਾਂ ਦਾ ਇਕ ਭਾਰਤੀ ਪਰਿਵਾਰ ਵਿਚ ਰਿਸ਼ਤਾ ਤੈਅ ਹੋ ਚੁੱਕਾ ਸੀ। ਕੈਨੇਡਾ ਵਿਚ ਪਹਿਲੀ ਵਾਰ ਜਦੋਂ ਉਹਨਾਂ ਨੂੰ ਨੌਕਰੀ ਮਿਲੀ ਤਾਂ ਉਹ ਲੱਕੜ ਦੇ ਆਰਾ ਮਸ਼ੀਨ ‘ਤੇ ਮਿਲੀ। ਇੱਥੇ ਉਹਨਾਂ ਨੇ ਦਿਨ-ਰਾਤ ਮਿਹਨਤ ਕੀਤੀ ਅਤੇ ਆਪਣਾ ਨਾਂ ਚਮਕਾਇਆ।

Add a Comment

Your email address will not be published. Required fields are marked *