ਹਾਮਿਦ ਕਰਜ਼ਈ ਦੇ ਭਰਾ ਮਹਿਮੂਦ ਨੂੰ ਤਾਲਿਬਾਨ ਨੇ ਲਿਆ ਹਿਰਾਸਤ ‘ਚ

ਕਾਬੁਲ : ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਭਰਾ ਮਹਿਮੂਦ ਕਰਜ਼ਈ ਨੂੰ ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ‘ਤੇ ਹਿਰਾਸਤ ਵਿਚ ਲੈ ਲਿਆ। ਤਾਲਿਬਾਨ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਸਾਬਕਾ ਸ਼ਹਿਰੀ ਵਿਕਾਸ ਅਤੇ ਭੂਮੀ ਮੰਤਰੀ ਮਹਿਮੂਦ ਕਰਜ਼ਈ ‘ਤੇ ਕਾਨੂੰਨੀ ਮੁੱਦਿਆਂ ਕਾਰਨ ਵਿਦੇਸ਼ ਯਾਤਰਾ ‘ਤੇ ਪਾਬੰਦੀ ਲਗਾਈ ਗਈ ਹੈ। ਖਾਮਾ ਪ੍ਰੈੱਸ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਆਪਣੀ ਰਿਪੋਰਟ ‘ਚ ਕਿਹਾ ਕਿ ਮਸ਼ਹੂਰ ਅਫਗਾਨ ਕਾਰੋਬਾਰੀ ਮਹਿਮੂਦ ਨੂੰ ਐਤਵਾਰ ਨੂੰ ਕਾਬੁਲ ਹਵਾਈ ਅੱਡੇ ‘ਤੇ ਹਿਰਾਸਤ ‘ਚ ਲਿਆ ਗਿਆ। 

ਰਿਪੋਰਟ ਵਿੱਚ ਤਾਲਿਬਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਨਜ਼ਦੀਕੀ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਮਹਿਮੂਦ ਨੂੰ ਕੱਲ੍ਹ ਕਾਬੁਲ ਹਵਾਈ ਅੱਡੇ ਤੋਂ ਤਾਲਿਬਾਨ ਖੁਫ਼ੀਆ ਏਜੰਸੀ ਨੇ ਹਿਰਾਸਤ ਵਿੱਚ ਲਿਆ ਸੀ ਜਦੋਂ ਉਹ ਦੁਬਈ ਜਾ ਰਹੀ ਏਰੀਆਨਾ ਏਅਰਲਾਈਨਜ਼ ਦੀ ਉਡਾਣ ਵਿੱਚ ਸਵਾਰ ਸੀ। ਇਸਲਾਮਿਕ ਅਮੀਰਾਤ ਦੇ ਬੁਲਾਰੇ ਬਿਲਾਲ ਕਰੀਮੀ ਨੇ ਪੁਸ਼ਟੀ ਕੀਤੀ ਕਿ ਮਹਿਮੂਦ ਨੂੰ ਕਾਨੂੰਨੀ ਮੁੱਦੇ ਕਾਰਨ ਅਫਗਾਨਿਸਤਾਨ ਛੱਡਣ ਤੋਂ ਰੋਕਿਆ ਗਿਆ ਸੀ, ਪਰ ਮਹਿਮੂਦ ਕਰਜ਼ਈ ਦੀ ਗ੍ਰਿਫ਼ਤਾਰੀ ਤੋਂ ਇਨਕਾਰ ਕੀਤਾ। ਸੂਤਰਾਂ ਦਾ ਮੰਨਣਾ ਹੈ ਕਿ ਮਹਿਮੂਦ ਕਰਜ਼ਈ ਦੀ ਨਜ਼ਰਬੰਦੀ ਦਾ ਕਾਰਨ ਉਸ ਦੇ ਭਰਾ ਹਾਮਿਦ ਕਰਜ਼ਈ ਦੀਆਂ ਸਿਆਸੀ ਟਿੱਪਣੀਆਂ ਹੋ ਸਕਦੀਆਂ ਹਨ। 

ਸਾਬਕਾ ਰਾਸ਼ਟਰਪਤੀ ਕਰਜ਼ਈ ਅਤੇ ਅਬਦੁੱਲਾ ਅਬਦੁੱਲਾ ਦੋ ਉੱਚ ਪੱਧਰੀ ਸਿਆਸਤਦਾਨ ਹਨ ਜੋ ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਵੀ ਅਫਗਾਨਿਸਤਾਨ ਵਿੱਚ ਹੀ ਬਣੇ ਰਹੇ। ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਸਮੇਂ-ਸਮੇਂ ‘ਤੇ ਔਰਤਾਂ ਦੇ ਅਧਿਕਾਰਾਂ ‘ਤੇ ਰੋਕ ਲਗਾਉਣ ਲਈ ਤਾਲਿਬਾਨ ਸਰਕਾਰ ਦੀ ਆਲੋਚਨਾ ਕੀਤੀ ਹੈ ਅਤੇ ਤਾਲਿਬਾਨ ਨੂੰ “ਸਮੂਹਿਕ” ਸਰਕਾਰ ਬਣਾਉਣ ਲਈ ਕਿਹਾ ਹੈ। ਗੌਰਤਲਬ ਹੈ ਕਿ ਮਹਿਮੂਦ ਕਰਜ਼ਈ ਦੱਖਣੀ ਕੰਧਾਰ ਸੂਬੇ ਦੇ ਆਧੁਨਿਕ ਵਪਾਰਕ ਸ਼ਹਿਰ ਆਇਨੋ ਮੀਨਾ ਵਿੱਚ ਇੱਕ ਪ੍ਰਮੁੱਖ ਸ਼ੇਅਰਧਾਰਕ ਹੈ। ਰਿਪੋਰਟ ਮੁਤਾਬਕ ਸਾਬਕਾ ਰਾਸ਼ਟਰਪਤੀ ਮੁਹੰਮਦ ਅਸ਼ਰਫ ਗਨੀ ਨੇ ਆਪਣੇ ਭਰਾ ਹਾਮਿਦ ਕਰਜ਼ਈ ਦੀ ਪ੍ਰਧਾਨਗੀ ਦੌਰਾਨ ਆਈਨੋ ਮੀਨਾ ਸ਼ਹਿਰ ਬਣਾਉਣ ਲਈ ਸਰਕਾਰੀ ਜ਼ਮੀਨ ਹਥਿਆਉਣ ਦਾ ਦੋਸ਼ ਲਾਇਆ ਸੀ।

Add a Comment

Your email address will not be published. Required fields are marked *